ਫਗਵਾੜਾ ’ਚ SHO ਨੂੰ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰਨੀ ਪਈ ਮਹਿੰਗੀ, ਵੀਡੀਓ ਵਾਇਰਲ ਹੋਣ ’ਤੇ ਹੋਇਆ ਸਸਪੈਂਡ

103
Share

ਫਗਵਾੜਾ/ਨਕੋਦਰ/ਮਹਿਤਪੁਰ, 6 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਕੋਰੋਨਾ ਕਾਲ ਦੌਰਾਨ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਪੰਜਾਬ ਪੁਲਿਸ ਦਾ ਬੇਰਹਿਮੀ ਵਾਲਾ ਚਿਹਰਾ ਸਾਹਮਣੇ ਆਇਆ ਹੈ। ਚਰਚਾ ’ਚ ਰਹਿਣ ਵਾਲੇ ਥਾਣਾ ਸਿਟੀ ਦੇ ਐਸਐਚਓ ਨਵਦੀਪ ਸਿੰਘ ਨੂੰ ਬੁੱਧਵਾਰ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਸਰਾਏ ਰੋਡ ਉੱਤੇ ਇੱਕ ਸਬਜ਼ੀ ਵਾਲੇ ਦੀ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਐਸਐਚਓ ਦੀ ਇਸ ਕਰਤੂਤ ਦੀ ਵੀਡੀਓ ਕਿਸੇ ਨੇ ਬਣਾ ਕੇ ਇਸਨੂੰ ਇੰਟਰਨੈਟ ਮੀਡੀਆ ’ਤੇ ਸਾਂਝਾ ਕਰ ਦਿੱਤਾ, ਜਿਸ ਤੋਂ ਬਾਅਦ ਐਸਐਸਪੀ ਕੰਵਰਦੀਪ ਕੌਰ ਨੇ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਨਵਦੀਪ ਸਿੰਘ ਨੂੰ ਬਦਲ ਦਿੱਤਾ। ਉਸਦੀ ਜਗ੍ਹਾ ਬਲਵਿੰਦਰ ਸਿੰਘ ਨੂੰ ਥਾਣਾ ਸਿਟੀ ਦਾ ਐਸ.ਐਚ.ਓ. ਲਗਾਇਆ ਗਿਆ ਹੈ। ਬਾਅਦ ਵਿੱਚ ਡੀਜੀਪੀ ਦਿਨਕਰ ਗੁਪਤਾ ਨੇ ਨਵਦੀਪ ਸਿੰਘ ਨੂੰ ਇਸ ਹਰਕਤ ਲਈ ਸਸਪੈਂਡ ਕਰ ਦਿੱਤਾ।

ਐਸਐਚਓ ਨਵਦੀਪ ਸਿੰਘ ਬੁੱਧਵਾਰ ਨੂੰ ਸਰਾਏ ਰੋਡ ’ਤੇ ਸਬਜ਼ੀਆਂ ਦੀਆਂ ਰੇਹੜੀਆਂ ’ਤੇ ਪਹੁੰਚੇ ਅਤੇ ਉਥੇ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਾ ਗੁਆ ਦਿੱਤਾ ਅਤੇ ਇੱਕ ਫੜੀ ’ਤੇ ਸਜ਼ੀ ਦੀ ਟੋਕਰੀ ਨੂੰ ਲਾਤ ਮਾਰ ਕੇ ਸੁੱਟ ਦਿੱਤਾ। ਇਸ ਦੌਰਾਨ ਕੋਈ ਇਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ, ਜੋ ਫਗਵਾੜਾ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਐਸਐਸਪੀ ਕੰਵਰਦੀਪ ਕੌਰ ਨੇ ਨਵਦੀਪ ਸਿੰਘ ਦੇ ਨਾਲ-ਨਾਲ ਬਲਜਿੰਦਰ ਸਿੰਘ ਮੱਲੀ ਦਾ ਤਬਾਦਲਾ ਕਰ ਦਿੱਤਾ। ਉਨ੍ਹਾਂ ਨੂੰ ਪੁਲਿਸ ਲਾਈਨ ਕਪੂਰਥਲਾ ਭੇਜ ਦਿੱਤਾ ਗਿਆ ਹੈ। ਉਸਦੀ ਜਗ੍ਹਾ ‘ਤੇ ਸੁਮਿੰਦਰ ਸਿੰਘ ਨੂੰ ਪੀ.ਸੀ.ਆਰ ਫਗਵਾੜਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਹਰਕਤ ਨੂੰ ਸ਼ਰਮਨਾਕ ਅਤੇ ਅਸਹਿਯੋਗ ਦੱਸਿਆ ਹੈ। ਡੀਜੀਪੀ ਨੇ ਟਵੀਟ ਕੀਤਾ ਕਿ ਪੁਲਿਸ ਕਿਸੇ ਵੀ ਕੀਮਤ ‘ਤੇ ਅਜਿਹੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਦੇ ਲਈ ਐਸਐਚਓ ਨਵਦੀਪ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਜੇਕਰ ਕੋਈ ਹੋਰ ਇਸ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Share