ਫਗਵਾੜਾ ’ਚ ਮੋਟਰਸਾਈਕਲ ਸਵਾਰਾਂ ਨੇ ‘ਆਪ’ ਆਗੂ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

191
ਜ਼ਖ਼ਮੀ ਵਿਪਿਨ ਕੁਮਾਰ ਨੂੰ ਲਿਜਾਂਦੇ ਹੋਏ ਲੋਕ।
ਫਗਵਾੜਾ, 4 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਫਗਵਾੜਾ ਵਿਚ ਫਗਵਾੜਾ-ਜਲੰਧਰ ਜੀ.ਟੀ. ਰੋਡ ’ਤੇ ਪਿੰਡ ਮੇਹਟਾਂ ਲਾਗੇ ਦੋ ਮੋਟਰਸਾਈਕਲ ਸਵਾਰਾਂ ਨੇ ‘ਆਪ’ ਦੇ ਆਗੂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਆਮ ਆਦਮੀ ਪਾਰਟੀ ਦੇ ਜ਼ਖ਼ਮੀ ਹੋਏ ਆਗੂ ਦੀ ਪਛਾਣ ਵਿਪਿਨ ਕੁਮਾਰ ਪੁੱਤਰ ਬਿੱਲਾ ਰਾਮ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ, ਜਿੱਥੋਂ ਡਾਕਟਰਾਂ ਨੇ ਉਸ ਜਲੰਧਰ ਛਾਉਣੀ ਦੇ ਜੌਹਲ ਹਸਪਤਾਲ ਰੈਫਰ ਕਰ ਦਿੱਤਾ। ਹਸਪਤਾਲ ਵਿਚ ਵਿਪਿਨ ਨੇ ਦੱਸਿਆ ਕਿ ਉਹ ਕਾਰ ’ਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਘਟਨਾ ਸਮੇਂ ਵਿਪਿਨ ਤਹਿਸੀਲ ਕੰਪਲੈਕਸ ਤੋਂ ਆਪਣੀ ਕਿਸੇ ਕੇਸ ਦੀ ਤਰੀਕ ਭੁਗਤ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਵਰਕਰ ਹਸਪਤਾਲ ’ਚ ਇਕੱਠੇ ਹੋ ਗਏ ਅਤੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ। ਪੁਲਿਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ।