ਪੱਤਰਕਾਰ ਹਰਵਿੰਦਰ ਰਿਆੜ ਦੀ ਬੇਵਕਤੀ ਮੌਤ ’ਤੇ ਸੈਕਰਾਮੈਂਟੋ ’ਚ ਸ਼ਰਧਾਂਜਲੀ ਭੇਟ

173
Share

ਸੈਕਰਾਮੈਂਟੋ, 31 ਮਾਰਚ (ਪੰਜਾਬ ਮੇਲ)- ਉੱਘੇ ਪੱਤਰਕਾਰ ਅਤੇ ਟੀ.ਵੀ. ਹੋਸਟ ਹਰਵਿੰਦਰ ਰਿਆੜ ਦੀ ਬੇਵਕਤ ਹੋਈ ਮੌਤ ’ਤੇ ਉਸ ਦੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਹਰਵਿੰਦਰ ਰਿਆੜ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਜੱਜ, ਗੁÇਲੰਦਰ ਸਿੰਘ ਗਿੱਲ, ਗੁਰਜਤਿੰਦਰ ਸਿੰਘ ਰੰਧਾਵਾ, ਜਨਕ ਸਿਧਰਾ ਨੇ ਬੋਲਦਿਆਂ ਕਿਹਾ ਕਿ ਹਰਵਿੰਦਰ ਰਿਆੜ ਇਕ ਉੱਚ ਕੋਟੀ ਦਾ ਪੱਤਰਕਾਰ ਸੀ। ਉਸ ਨੇ ਆਪਣੀ ਸਾਰੀ ਜ਼ਿੰਦਗੀ ਪੱਤਰਕਾਰੀ ਨੂੰ ਸਮਰਪਿਤ ਕਰ ਦਿੱਤੀ। ਉਸ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਟੀ.ਵੀ. ਹੋਸਟ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਸ ਦੇ ਭਰ ਜਵਾਨੀ ਵਿਚ ਅਕਾਲ ਚਲਾਣਾ ਕਰ ਜਾਣ ਨਾਲ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਡੁਲਕੂ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਗਿੱਲ, ਕੁਲਜੀਤ ਸਿੰਘ ਸਿੱਧੂ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ ਨਿਊਜਰਸੀ ਵਿਖੇ ਹੋਵੇਗਾ।


Share