ਪੱਤਰਕਾਰ ਨੀਟਾ ਮਾਛੀਕੇ ਦੇ ਪੁੱਤਰ ਪ੍ਰੀਤ ਦੇ ਜਨਮ ਦਿਨ ’ਤੇ ਲੱਗੀ ਮਹਿਫਲ

184
Share

ਫਰਿਜ਼ਨੋ, 27 ਅਪ੍ਰੈਲ (ਕੁਲਵੰਤ ਧਾਲੀਆਂ/ਪੰਜਾਬ ਮੇਲ)- ਬੀਤੇ ਇਕ ਸਾਲ ਤੋਂ ਵਧੀਕ ਸਮੇਂ ਤੋਂ ਕੋਵਿਡ-19 ਕਰਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰ ਤਰ੍ਹਾਂ ਦੇ ਇਕੱਠਾਂ ’ਤੇ ਪਾਬੰਦੀ ਹੋਣ ਕਰਕੇ ਸਾਡੇ ਸਮਾਜ ਦੇ ਬਹੁਤ ਸਾਰੀਆਂ ਰਸਮਾਂ, ਦਿਨ ਤਿਉਹਾਰ, ਪਾਰਟੀਆਂ, ਮੇਲੇ ਅਤੇ ਧਾਰਮਿਕ ਸਮਾਗਮ ਨਹੀਂ ਹੋ ਸਕੇ। ਪਰ ਹੁਣ ਸਰਕਾਰੀ ਤੌਰ ’ਤੇ ਮਿਲੀ ਹਦਾਇਤਾਂ ਅਨੁਸਾਰ ਇਕੱਠਾਂ ਦੀ ਖੁੱਲ੍ਹ ਬਾਅਦ ਲੋਕਾਂ ਨੇ ਆਪਣੇ ਰੁਕੇ ਪਏ ਕਾਰਜ, ਜਿਵੇਂ ਵਿਆਹ, ਜਨਮ-ਦਿਨ, ਮੇਲੇ ਅਤੇ ਧਾਰਮਿਕ ਕਾਰਜ ਸ਼ੁਰੂ ਕਰ ਦਿੱਤੇ ਹਨ।
ਇਨ੍ਹਾਂ ਹੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਫਰਿਜ਼ਨੋ ਤੋਂ ਸਾਡੇ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਅਤੇ ਹਰਜਿੰਦਰ ਕੌਰ ਧਾਲੀਵਾਲ ਦੇ ਇਕਲੌਤੇ ਪੁੱਤਰ ਅਤੇ ਮਾਸਟਰ ਦਿਲਦਾਰਾ ਸਿੰਘ ਧਾਲੀਵਾਲ ਦੇ ਪੋਤਰੇ ਪ੍ਰੀਤਇੰਦਰ ਸਿੰਘ ਧਾਲੀਵਾਲ ਦਾ 21ਵਾਂ ਜਨਮ ਦਿਨ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਨੇ ਬੇਟੇ ਦੀ ਚੜ੍ਹਦੀਕਲਾ ਅਤੇ ਤੰਦਰੁਸਤੀ ਦੀ ਅਰਦਾਸ ਕਰਦੇ ਹੋਏ ਮਨਾਇਆ।
ਇਸ ਸਮੇਂ ਸਮਾਗਮ ਦੀ ਸ਼ੁਰੂਆਤ ਨੀਟਾ ਮਾਛੀਕੇ ਦੇ ਵੱਡੇ ਵੀਰ ਡਾ. ਸਿਮਰਜੀਤ ਸਿੰਘ ਧਾਲੀਵਾਲ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ। ਇਸ ਬਾਅਦ ਨੀਟਾ ਮਾਛੀਕੇ ਨੇ ਆਪਣੇ ਪੁੱਤਰ ਦੀਆ ਬਚਪਨ ਦੀਆ ਕੁਝ ਯਾਦਾਂ ਤਾਜ਼ਾ ਕੀਤੀਆਂ। ਗਗਨਦੀਪ ਕੌਰ ਧਾਲੀਵਾਲ (ਭੈਣ) ਨੇ ਵੀ ਬੋਲਦੇ ਹੋਏ ਆਪਣੇ ਵੀਰ ’ਤੇ ਮਾਣ ਕੀਤਾ। ਇਸ ਉਪਰੰਤ ਗਾਇਕੀ ਦੀ ਮਹਿਫਲ ਵਿਚ ਹਾਜ਼ਰੀਨ ਕਲਾਕਾਰਾਂ ਨੇ ਬੰਨ੍ਹੇ ਰੰਗ। ਮਹਿਫਲ ਦੀ ਸ਼ੁਰੂਆਤ ਗਾਇਕ ਕਲਾਕਾਰ ਅਵਤਾਰ ਗਰੇਵਾਲ ਨੇ ਆਪਣੇ ਧਾਰਮਿਕ ਗੀਤ ‘ਸਰਬੱਤ ਦਾ ਭਲਾ’ ਨਾਲ ਕੀਤੀ ਅਤੇ ਹੋਰ ਗੀਤ ਗਾਏ। ਇਸ ਤੋਂ ਇਲਾਵਾ ਹੋਰ ਕਲਾਕਾਰਾਂ ਵਿਚ ਬਾਈ ਸੁਰਜੀਤ, ਗੌਗੀ ਸੰਧੂ, ਧਰਮਵੀਰ ਥਾਂਦੀ, ਗੁੱਲੂ ਬਰਾੜ ਅਤੇ ਕਵੀ ਸੁੱਖੀ ਧਾਲੀਵਾਲ ਨੇ ਖੂਬ ਰੌਣਕਾਂ ਲਾ ਮਾਹੌਲ ਨੂੰ ਰੰਗੀਨ ਬਣਾਈ ਰੱਖਿਆ। ਇਸ ਮਹਿਫਲ ਦਾ ਸਭ ਨੇ ਭਰਪੂਰ ਆਨੰਦ ਮਾਣਿਆਂ। ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਬਹੁਪੱਖੀ ਸ਼ਖਸੀਅਤ ਦੇ ਮਾਲਕ ਗੌਗੀ ਸੰਧੂ ਨੇ ਬਾਖੂਬੀ ਕੀਤਾ।

Share