ਪੱਛਮੀ ਲੰਡਨ ‘ਚ ਖੇਤੀ ਕਾਨੂੰਨ ਵਿਰੁੱਧ ਕਿਸਾਨ ਰੈਲੀ ਕੱਢਣ ਵਾਲੇ ਸਿੱਖ ਨੂੰ ਕੋਵਿਡ ਨੇਮਾਂ ਦੀ ਉਲੰਘਣਾ ਤਹਿਤ10 ਹਜ਼ਾਰ ਪੌਂਡ ਦਾ ਜੁਰਮਾਨਾ!

359
Share

ਲੰਡਨ, 12 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਜਾਰੀ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਪੱਛਮੀ ਲੰਡਨ ‘ਚ ਕੱਢੀ ਗਈ ‘ਕਿਸਾਨ ਰੈਲੀ’ ਦੌਰਾਨ ਕੋਵਿਡ ਦੇ ਨੇਮਾਂ ਦੀ ਉਲੰਘਣਾ ਤਹਿਤ ਬਰਤਾਨਵੀ ਸਿੱਖ ਦੀਪਾ ਸਿੰਘ ਨੂੰ 10 ਹਜ਼ਾਰ ਪਾਊਂਡ ਜੁਰਮਾਨਾ ਕੀਤਾ ਗਿਆ ਹੈ। ਸਿੱਖ ਕਾਰਕੁਨ ਦੀਪਾ ਸਿੰਘ ਨੂੰ ਚਾਰ ਅਕਤੂਬਰ ਨੂੰ ਜੁਰਮਾਨਾ ਲਾਇਆ ਗਿਆ ਹੈ ਤੇ ਮਗਰੋਂ ਉਸ ਬਾਰੇ ਸੋਸ਼ਲ ਮੀਡੀਆ ‘ਤੇ ਕਾਫ਼ੀ ਕੁਝ ਪੋਸਟ ਕੀਤਾ ਨਜ਼ਰ ਆਇਆ। ਸਿੱਖ ਕਾਰਕੁਨ ਨੇ ਕਿਹਾ ਕਿ ਉਹ ਪੰਜਾਬ ਵਿਚਲੇ ਆਪਣੇ ਕਿਸਾਨ ਭਾਈਚਾਰੇ ਨਾਲ ਖੜ੍ਹੇ ਹਨ ਤੇ ਜੁਰਮਾਨਾ ਮਹਾਮਾਰੀ ਦੇ ਮੱਦੇਨਜ਼ਰ ਇਕੱਠ ਕਰਨ ਲਈ ਲਾਇਆ ਗਿਆ ਹੈ। ਸਿੱਖ ਕਾਰਕੁਨਾਂ ਦੇ ਗਰੁੱਪ ਨੇ ਮਗਰੋਂ ਵੱਡੀ ਗਿਣਤੀ ‘ਚ ਰੈਲੀ ‘ਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੈਲੀ ਵਿਚ ਸ਼ਾਮਲ ਹੋਣ ਵਾਲਾ ਹਰੇਕ ਇਨਸਾਨ ਪੰਜਾਬ ਵਿਚਲੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਸਾਊਥਾਲ ‘ਚ ਚਾਰ ਅਕਤੂਬਰ ਨੂੰ ਹੋਈ ਖੇਤੀ ਕਾਨੂੰਨਾਂ ਵਿਰੋਧੀ ਰੈਲੀ ‘ਚ ਕਾਰਾਂ, ਟਰੱਕਾਂ ਤੇ ਮੋਟਰਸਾਈਕਲਾਂ ਦਾ ਵੱਡਾ ਇਕੱਠ ਹੋ ਗਿਆ ਸੀ। ਪੁਲਿਸ ਨੇ ਬਿਆਨ ਵਿਚ ਕਿਹਾ ਹੈ ਕਿ ਕਰੋਨਾ ਦੇ ਨੇਮਾਂ ‘ਚ ਰੋਸ ਮੁਜ਼ਾਹਰਿਆਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਹੈ।


Share