ਪੱਛਮੀ ਬੰਗਾਲ ’ਚ ਨਿਰਪੱਖ ਚੋਣਾਂ ਕਰਵਾਉਣ ਲਈ ਮਮਤਾ ਬੈਨਰਜੀ ਨੇ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ

236
Share

ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਸੂਬੇ ਵਿਚ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਸਬੰਧੀ ਤਿ੍ਰਣਮੂਲ ਕਾਂਗਰਸ ਦੇ ਤੌਖਲੇ ਪ੍ਰਗਟਾਏ ਹਨ। ਪੱਤਰ ’ਚ ਦੱਸਿਆ ਗਿਆ ਹੈ ਕਿ ‘ਸਿਟੀਜ਼ਨਜ਼’ ਕਮਿਸ਼ਨ ਆਨ ਇਲੈਕਸ਼ਨ’ ਨਾਮੀਂ ਗਰੁੱਪ ਵੱਲੋਂ ਪੇਸ਼ ਰਿਪੋਰਟ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਈ.ਵੀ.ਐੱਮਜ਼ ਓਨੀਆਂ ਛੇੜਛਾੜ-ਰਹਿਤ ਨਹੀਂ ਹਨ, ਜਿੰਨਾ ਇਨ੍ਹਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਇਹ ਮਾਮਲਾ ਚੋਣ ਕਮਿਸ਼ਨ ਕੋਲ ਰੱਖਿਆ ਜਾ ਚੁੱਕਾ ਹੈ। ਇਸ ਪੱਤਰ ਰਾਹੀਂ ਮੁੱਖ ਮੰਤਰੀ ਬੈਨਰਜੀ ਨੇ ਮੰਗ ਕੀਤੀ ਕਿ ਸਾਰੇ ਪੋਲਿੰਗ ਸਟੇਸ਼ਨਾਂ ਵਿਚ ਕਿਫ਼ਾਇਤੀ ਕੀਮਤਾਂ ’ਤੇ ਉਪਲੱਬਧ ਵੀ.ਵੀ.ਪੈਟ ਸਹੂਲਤਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ, ਤਾਂ ਕਿ ਈ.ਵੀ.ਐੱਮਜ਼ ਵੱਲੋਂ ਦੱਸੇ ਨਤੀਜਿਆਂ ਦਾ ਮਿਲਾਨ ਵੀ.ਵੀ.ਪੈਟ ਪਰਚੀ ਰਾਹੀਂ ਮਿਲੇ ਨਤੀਜੇ ਨਾਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਵੀ.ਵੀ.ਪੈਟ ਮਸ਼ੀਨਾਂ ਦੇ ਟਾਈਮਰਾਂ ਨੂੰ ਮੌਜੂਦਾ 7 ਸਕਿੰਟ ਤੋਂ ਬਦਲ ਕੇ 15 ਸਕਿੰਟ ਕੀਤਾ ਜਾਵੇ, ਤਾਂ ਕਿ ਵੋਟਰਾਂ ਨੂੰ ਡਿਸਪਲੇਅ ’ਤੇ ਮੌਜੂਦ ਉਮੀਦਵਾਰਾਂ ਦੇ ਨਾਂ ਪੜ੍ਹਨ ਦਾ ਮੌਕਾ ਮਿਲ ਸਕੇ, ਵੱਖੋ-ਵੱਖਰੇ ਟੇਬਲਾਂ ’ਤੇ ਦੋਵਾਂ ਢੰਗਾਂ ਨਾਲ ਵੋਟਾਂ ਦੀ ਗਿਣਤੀ ਕਰਨ ਦਾ ਪ੍ਰਬੰਧ ਕੀਤਾ ਜਾਵੇ।

Share