ਪੱਛਮੀ ਕੈਨੇਡਾ ’ਚ ਚੱਲ ਰਹੀ ਗਰਮ ਲਹਿਰ ਕੁਝ ਦਿਨ ਹੋਰ ਰਹਿਣ ਦੀ ਸੰਭਾਵਨਾ

339
Share

ਸਰੀ, 29 ਜੂਨ (ਹਰਦਮ ਮਾਨ/ਪੰਜਾਬ ਮੇਲ)-ਐਨਵਾਇਰਨਮੈਂਟ ਕੈਨੇਡਾ ਵਲੋਂ ਪੱਛਮੀ ਕੈਨੇਡਾ ’ਚ ਕਹਿਰ ਵਰਤਾ ਰਹੀ ਗਰਮ ਲਹਿਰ ਬਾਰੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਗਰਮੀ ਦੀ ਇਹ ਲਹਿਰ ਕਈ ਹਿੱਸਿਆਂ ਵਿਚ ਅਜੇ ਕੁਝ ਦਿਨ ਹੋਰ ਜਾਰੀ ਰਹੇਗੀ ਪਰ ਇਹ ਭਿਆਨਕ ਅਤੇ ਇਤਿਹਾਸਕ ਗਰਮੀ ਦੀ ਲਹਿਰ ਬੀ.ਸੀ. ਦੇ ਦੱਖਣੀ ਤੱਟ ਅਤੇ ਯੂਕੌਨ ਵਿਚ ਮੰਗਲਵਾਰ ਸ਼ਾਮ ਨੂੰ ਘੱਟ ਸਕਦੀ ਹੈ।
ਰਿਪੋਰਟ ਅਨੁਸਾਰ ਬੀ.ਸੀ., ਅਲਬਰਟਾ, ਸਸਕੈਚਵਾਨ, ਨੌਰਥ ਵੈਸਟ ਟੈਰੀਟੋਰੀਜ਼ ਅਤੇ ਯੂਕੌਨ ਦੇ ਜ਼ਿਆਦਾਤਰ ਇਲਾਕਿਆਂ ਵਿਚ ਤਾਪਮਾਨ 40 ਡਿਗਰੀ ਤੱਕ ਪਹੁੰਚਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਬੀ.ਸੀ. ਵਿਚ ਲਿਟਨ ਪਿੰਡ ’ਚ ਤਾਪਮਾਨ 46.6 ਸੈਲਸੀਅਸ ਤੱਕ ਪਹੁੰਚ ਗਿਆ ਸੀ।
ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਮੌਸਮ ’ਚ ਨਮੀ ਹੋਣ ਕਾਰਨ ਫਰੇਜ਼ਰ ਵੈਲੀ ’ਚ ਤਾਪਮਾਨ 50 ਡਿਗਰੀ ਸੈਲਸੀਅਸ ਮਹਿਸੂਸ ਹੋਵੇਗਾ। ਗਰਮੀ ਦੀ ਇਸ ਲਹਿਰ ਤੋਂ ਰਸਬੇਰੀ ਦੇ ਉਤਪਾਦਕ ਦੀ ਬੇਹੱਦ ਚਿੰਤਤ ਅਤੇ ਪ੍ਰਭਾਵਿਤ ਹਨ। ਰਸਬੇਰੀ ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਗਰਮੀ ਦਾ ਫ਼ਸਲ ਉੱਤੇ ਮਾੜਾ ਅਸਰ ਪਵੇਗਾ।
ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਗਰਮੀ ਦੇ ਕਹਿਰ ਨੂੰ ਧਿਆਨ ’ਚ ਰੱਖਦਿਆਂ ਕਈ ਕੋਵਿਡ-19 ਟੀਕਾਕਰਣ ਕਲੀਨਿਕਾਂ ਦੀਆਂ ਅਪੁਆਇੰਟਮੈਂਟਸ ’ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।

Share