ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ

180
Share

ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ; ਸੱਤ ਪੜਾਵਾਂ ਵਿੱਚ ਹੋਵੇਗੀਆਂ ਚੋਣਾਂ; 10 ਮਾਰਚ ਨੂੰ ਆਉਣਗੇ ਨਤੀਜੇ

ਨਵੀਂ ਦਿੱਲੀ, 8 ਜਨਵਰੀ (ਪੰਜਾਬ ਮੇਲ)- ਚੋਣ ਕਮਿਸ਼ਨ ਵਲੋਂ ਦੇਸ਼ ਦੇ ਪੰਜ ਰਾਜਾਂ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੇ। ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆਂ ਜਦਕਿ ਚੋਣਾਂ ਦਾ ਆਗਾਜ਼ 10 ਫਰਵਰੀ ਤੋਂ ਉਤਰ ਪ੍ਰਦੇਸ਼ ਤੋਂ ਹੋ ਜਾਵੇਗਾ। ਉਤਰ ਪ੍ਰਦੇਸ਼ ਵਿਚ ਸੱਤ ਪੜਾਅ ਵਿਚ ਵੋਟਾਂ ਪੈਣਗੀਆਂ, ਮਣੀਪੁਰ ਵਿਚ ਦੋ ਜਦਕਿ ਪੰਜਾਬ, ਉਤਰਾਖੰਡ ਤੇ ਗੋਆ ਵਿਚ ਇਕ-ਇਕ ਪੜਾਅ ਵਿਚ ਹੀ ਵੋਟਾਂ ਪੈਣਗੀਆਂ। ਇਸ ਵਾਰ ਰਾਜਸੀ ਪਾਰਟੀਆਂ ਨੂੰ ਰੋਡ ਸ਼ੋਅ ਤੇ ਪੈਦਲ ਮਾਰਚ ਕਰਨ ਤੋਂ ਰੋਕ ਦਿੱਤਾ ਗਿਆ ਹੈ। ਕਰੋਨਾ ਮਹਾਮਾਰੀ ਤਹਿਤ ਡੋਰ ਟੂ ਡੋਰ ਪ੍ਰਚਾਰ ਸਿਰਫ ਪੰਜ ਜਣੇ ਹੀ ਕਰ ਸਕਣਗੇ। ਇਸ ਵਾਰ ਵੋਟਾਂ ਪਾਉਣ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਕਰ ਕੇ ਰਾਜਸੀ ਪਾਰਟੀਆਂ ਨੂੰ ਡਿਜੀਟਲ ਤੇ ਵਰਚੁਅਲ ਢੰਗ ਨਾਲ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ ਹੈ। ਪੰਜਾਬ ਦੀਆਂ 117, ਉਤਰ ਪ੍ਰਦੇਸ਼ ਵਿਚ 403, ਉਤਰਾਖੰਡ ਵਿਚ 70, ਮਣੀਪੁਰ ਦੀਆਂ 60 ਤੇ ਗੋਆ ਵਿਚ 40 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਹੋਣਗੀਆਂ। ਇਸ ਵਾਰ 690 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪੈਣਗੀਆਂ ਜਿਸ ਲਈ 18.3 ਕਰੋੜ ਲੋਕ ਵੋਟ ਪਾਉਣਗੇ। ਮੁੱਖ ਚੋਣ ਅਧਿਕਾਰੀ ਸਤੀਸ਼ ਚੰਦਰਾ ਨੇ ਦੱਸਿਆ ਕਿ ਇਸ ਵਾਰ ਚੋਣਾਂ ਕਰੋਨਾ ਨਿਯਮਾਂ ਤਹਿਤ ਕਰਵਾਈਆਂ ਜਾਣਗੀਆਂ ਜਿਸ ਲਈ 16 ਫੀਸਦੀ ਪੋਲਿੰਗ ਸਟੇਸ਼ਨ ਵਧਾਏ ਗਏ ਹਨ। ਚੋਣ ਕਮਿਸ਼ਨ ਵਲੋਂ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਪੰਜ ਰਾਜਾਂ ਵਿਚ ਚੋਣ ਜ਼ਾਬਤਾ ਅਮਲ ਵਿਚ ਆ ਗਿਆ ਹੈ।


Share