ਪੰਜ ਚੀਨੀ ਨਾਗਰਿਕਾਂ ‘ਤੇ ਲੱਗਾ ਸਾਈਬਰ ਹਮਲੇ ਦਾ ਦੋਸ਼!

517
Share

ਵਾਸ਼ਿੰਗਟਨ, 17 ਸਤੰਬਰ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਨੇ ਪੰਜ ਚੀਨੀ ਨਾਗਰਿਕਾਂ ‘ਤੇ ਅਮਰੀਕਾ ਅਤੇ ਭਾਰਤ ਸਰਕਾਰ ਦੇ ਕੰਪਿਊਟਰ ਨੈੱਟਵਰਕ ਸਮੇਤ ਦੁਨੀਆ ਦੀਆਂ 100 ਤੋਂ ਵਧੇਰੇ ਕੰਪਨੀਆਂ ਅਤੇ ਅਦਾਰਿਆਂ ‘ਤੇ ਸਾਈਬਰ ਹਮਲਾ ਕਰ ਕੇ ਡਾਟਾ ਅਤੇ ਕਾਰੋਬਾਰ ਸਬੰਧੀ ਸੂਚਨਾਵਾਂ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਜੇਫਰੀ ਰੋਸੈਨ ਨੇ ਬੁੱਧਵਾਰ ਨੂੰ ਕਿਹਾ ਕਿ ਮਾਮਲੇ ਵਿਚ ਦੋਸ਼ ਨੂੰ ਸਾਹਮਣੇ ਰੱਖਿਆ ਗਿਆ ਹੈ। ਇਸ ਦੇ ਤਹਿਤ ਪੰਜ ਚੀਨੀ ਨਾਗਰਿਕਾਂ ਨੇ ਕੰਪਿਊਸਟਰ ਸਿਸਟਮ ਨੂੰ ਹੈਕ ਕੀਤਾ ਅਤੇ ਮਲੇਸ਼ੀਆ ਦੇ ਦੋ ਨਾਗਰਿਕਾਂ ‘ਤੇ ਹੈਕਰਾਂ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ।

ਨਿਆਂ ਵਿਭਾਗ ਦੇ ਇਕ ਬਿਆਨ ਦੇ ਮੁਤਾਬਕ, ਮਲੇਸ਼ੀਆ ਦੇ ਨਾਗਰਿਕਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਚੀਨੀ ਨਾਗਰਿਕਾਂ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ। ਰੋਸੇਨ ਨੇ ਚੀਨੀ ਸਰਕਾਰ ਦੀ ਵੀ ਆਲੋਚਨਾ ਕੀਤੀ। ਡਿਪਟੀ ਅਟਾਰਨ ਜਨਰਲ ਨੇ ਕਿਹਾ,”ਨਿਆਂ ਵਿਭਾਗ ਨੇ ਇਹਨਾਂ ਚੀਨੀ ਨਾਗਰਿਕਾਂ ਦੇ ਸਾਈਬਰ ਹਮਲਿਆਂ ਅਤੇ ਕੰਪਿਊਟਰ ਵਿਚ ਸੰਨ੍ਹਮਾਰੀ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਲਈ ਹਰ ਉਪਲਬਧ ਤਕਨੀਕ ਦੀ ਵਰਤੋਂ ਕੀਤੀ। ਚੀਨੀ ਕਮਿਊਨਿਸਟ ਪਾਰਟੀ ਦੇ ਉਕਸਾਵੇ ‘ਤੇ ਚੀਨ ਦੇ ਬਾਹਰ ਦੇ ਕੰਪਿਊਟਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਚੀਨ ਦੇ ਲਈ ਮਦਦਗਾਰ ਬੌਧਿਕ ਜਾਇਦਾਦ ਅਧਿਕਾਰ ਸਬੰਧੀ ਸੂਚਨਾਵਾਂ ਚੋਰੀ ਕੀਤੀਆਂ ਗਈਆਂ।”

ਮੁਕੱਦਮੇ ਵਿਚ ਕਿਹਾ ਗਿਆ,”2019 ਵਿਚ ਸਾਜਿਸ਼ ਕਰਤਾਵਾਂ ਨੇ ਭਾਰਤ ਸਰਕਾਰ ਦੀਆਂ ਵੈਬਸਾਈਟਾਂ ਦੇ ਨਾਲ ਹੀ ਭਾਰਤ ਸਰਕਾਰ ਦੇ ਸਹਾਇਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਡਾਟਾਬੇਸ ਸਰਵਰ ਨੂੰ ਵੀ ਨਿਸ਼ਾਨਾ ਬਣਾਇਆ। ਸਾਜਿਸ਼ ਕਰਤਾਵਾਂ ਨੇ ਭਾਰਤ ਸਰਕਾਰ ਦੇ ਵੀ.ਪੀ.ਐੱਨ. ਨੈੱਟਵਰਕ ਵਿਚ ਸੰਨ੍ਹਮਾਰੀ ਕਰਨ ਲਈ ਵੀ.ਪੀ.ਐੱਸ.ਪ੍ਰੋਵਾਈਡਰ ਸਰਵਰ ਦੀ ਵਰਤੋਂ ਕੀਤੀ।” ਹੈਕਰਾਂ ਨੇ ਭਾਰਤ ਸਰਕਾਰ ਦੇ ਸੁਰੱਖਿਅਤ ਕੰਪਿਊਟਰਾਂ ‘ਤੇ ਕੋਬਾਲਟ ਸਟ੍ਰਾਈਕ ਮਾਲਵੇਅਰ ਨੂੰ ਇੰਸਟਾਲਡ ਕਰ ਦਿੱਤਾ। ਦੋਸ਼ਾਂ ਦੇ ਮੁਤਾਬਕ, ਸੰਨ੍ਹਮਾਰੀ ਵਿਚ ਅਮਰੀਕਾ ਅਤੇ ਵਿਦੇਸ਼ਾਂ ਵਿਚ 100 ਤੋਂ ਵਧੇਰੇ ਕੰਪਨੀਆਂ ਦੇ ਕੰਪਿਊਟਰ ਨੈੱਟਵਰਕ ‘ਤੇ ਅਸਰ ਪਿਆ।

ਸਾਫਟਵੇਅਰ ਡਿਵੈਲਪਮੈਂਟ, ਕੰਪਿਊਟਰ ਹਾਰਡਵੇਅਰ, ਦੂਰਸੰਚਾਰ, ਸੋਸ਼ਲ ਮੀਡੀਆ, ਵੀਡੀਓ ਗੇਮ ਕੰਪਨੀਆਂ ਵੀ ਹੈਕਰਾਂ ਦਾ ਨਿਸ਼ਾਨਾ ਬਣੀਆਂ। ਗੈਰ ਸਰਕਾਰੀ ਸੰਗਠਨਾਂ, ਯੂਨੀਵਰਸਿਟੀਆਂ, ਥਿੰਕ ਟੈਂਕ, ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਨੇਤਾਵਾਂ ਅਤੇ ਕਾਰਕੁੰਨਾਂ ਦੇ ਕੰਪਿਊਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਮੁਕੱਦਮੇ ਵਿਚ ਕਿਹਾ ਗਿਆ ਕਿ ਚੀਨੀ ਹੈਕਰਾਂ ਨੇ ਅਮਰੀਕਾ ਦੇ ਇਲਾਵਾ, ਆਸਟ੍ਰੇਲੀਆ,  ਬ੍ਰਾਜ਼ੀਲ, ਚਿਲੀ, ਹਾਂਗਕਾਂਗ, ਭਾਰਤ, ਇੰਡੋਨੇਸ਼ੀਆ, ਜਾਪਾਨ, ਮਲੇਸ਼ੀਆ, ਪਾਕਿਸਤਾਨ, ਸਿੰਗਾਪੁਰ, ਦੱਖਣੀ ਕੋਰੀਆ, ਤਾਈਵਾਨ, ਥਾਈਲੈਂਡ, ਵੀਅਤਨਾਮ ਅਤੇ ਬ੍ਰਿਟੇਨ ਦੀਆਂ ਕੰਪਨੀਆਂ, ਸੰਗਠਨਾਂ ਅਤੇ ਲੋਕਾਂ ਦੇ ਕੰਪਿਊਟਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।


Share