ਪੰਜਾਬ ਸਾਹਿਤ ਅਕਾਦਮੀ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਪ੍ਰਸੰਗ ’ਚ ਅੰਤਰਭਾਸ਼ਾਈ ਮੁਸ਼ਾਇਰਾ

359
Share

ਸਰੀ, 2 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਪੰਜਾਬ ਸਾਹਿਤ ਅਕਾਦਮੀ ਵੱਲੋਂ ਆਪਣੇ ਮਹੀਨੇਵਾਰ ਫੀਚਰ ‘ਬੰਦਨਵਾਰ’ ਦੇ ਤਹਿਤ ਇਸ ਵਾਰ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਪ੍ਰਸੰਗ ’ਚ ਆਨਲਾਈਨ ਅੰਤਰਭਾਸ਼ਾਈ ਮੁਸ਼ਾਇਰਾ ਕਰਵਾਇਆ ਗਿਆ। ਇਸ ਮੁਸ਼ਾਇਰੇ ’ਚ ਰਾਜਸਥਾਨੀ ਕਵੀ ਅਰਜੁਨ ਦੇਵ ਚਾਰਨ, ਮਰਾਠੀ ਕਵੀ ਦਾਮੋਦਰ ਮੋਰੇ, ਕੰਨੜ ਕਵੀ ਪ੍ਰੋ. ਧਰਨੇਂਦਰ ਕੁਰਕੁਰੇ, ਦਿੱਲੀ ਤੋਂ ਪੰਜਾਬੀ ਕਵੀ ਵਨੀਤਾ, ਪੰਜਾਬ ਤੋਂ ਪੰਜਾਬੀ ਕਵੀ ਗੁਰਪ੍ਰੀਤ, ਤਰਸੇਮ, ਮਨਪ੍ਰੀਤ ਟਿਵਾਣਾ, ਹਰਪ੍ਰੀਤ ਸੰਧੂ ਅਤੇ ਪੁਆਧੀ ਉਪਭਾਸ਼ਾ ਦੇ ਕਵੀ ਚਰਨ ਪੁਆਧੀ ਸ਼ਾਮਲ ਹੋਏ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸੱਕਤਰ ਡਾ. ਲਖਵਿੰਦਰ ਜੌਹਲ, ਵਿਸ਼ੇਸ਼ ਟਿੱਪਣੀਕਾਰ ਡਾ. ਸਤੀਸ਼ ਕੁਮਾਰ ਵਰਮਾ ਸਨ ਅਤੇ ਪ੍ਰਧਾਨਗੀ ਡਾ. ਸਰਬਜੀਤ ਕੌਰ ਸੋਹਲ ਨੇ ਕੀਤੀ।
ਕਵੀ ਦਰਬਾਰ ਦੇ ਹੋਸਟ ਡਾ. ਕੁਲਦੀਪ ਸਿੰਘ ਦੀਪ ਦੁਆਰਾ ਸਾਰਿਆਂ ਦਾ ਸੁਆਗਤ ਕੀਤੇ ਜਾਣ ਤੋਂ ਬਾਅਦ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਸਦੀਆਂ ਤੋਂ ਭਾਸ਼ਾਵਾਂ ਇਕ ਦੂਜੇ ਨਾਲ ਆਦਾਨ-ਪ੍ਰਦਾਨ ਕਰਦੀਆਂ ਰਹੀਆਂ ਹਨ। ਭਾਸ਼ਾਵਾਂ ਵਿਚ ਵੀ ਉਵੇਂ ਸਰੱਹਦਾਂ ਨਹੀਂ ਹੋਣੀਆਂ ਚਾਹੀਦੀਆਂ, ਜਿਵੇਂ ਪੰਛੀਆਂ, ਹਵਾਵਾਂ ਅਤੇ ਪਾਣੀਆਂ ਦੇ ਮਾਮਲੇ ’ਚ ਕੁਦਰਤ ਨੇ ਕੋਈ ਸਰੱਹਦਾਂ ਨਹੀਂ ਬਣਾਈਆਂ। ਦਾਮੋਦਰ ਮੋਰੇ ਨੇ ‘ਮੇਰੀ ਪਿਆਰੀ ਮਰਾਠੀ ਮਈਆ’ ਕਵਿਤਾ ਰਾਹੀਂ ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ‘ਤੇਰੀ ਜੈ ਪੰਜਾਬੀ ਮਾਤਾ’ ਦੀ ਯਾਦ ਕਰਵਾਈ। ਅਰਜੁਨ ਦੇਵ ਚਾਰਨ ਦੀ ਕਵਿਤਾ ‘ਮੁਆਫੀਨਾਮਾ’ ਭਾਸ਼ਾ ਦੀ ਸਿਆਸਤ ਤੇ ਬਹੁਤ ਤਿੱਖਾ ਕਟਾਖਸ਼ ਕਰਦੀ ਹੈ, ਜਿਸ ਦੇ ਤਹਿਤ ਮਨੁੱਖ ਦੀ ਭੁੱਖ ਨੂੰ ਬਾਜ਼ਾਰ ਨੇ ਹਾਈਜੈਕ ਕਰਕੇ ਭਾਸ਼ਾ ’ਤੇ ਵੱਡਾ ਹਮਲਾ ਕੀਤਾ। ਬਾਕੀ ਸਾਰੇ ਕਵੀਆਂ ਨੇ ਵੀ ਭਾਸ਼ਾ ਦੀਆਂ ਬਹੁਤ ਮਹੀਨ ਪਰਤਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਛੂਹਿਆ।
ਇਨ੍ਹਾਂ ਸਾਰੇ ਕਵੀਆਂ ਦੀਆਂ ਕਵਿਤਾਵਾਂ, ਵਿਸ਼ੇਸ਼ ਤੌਰ ’ਤੇ ਦੂਜੀਆਂ ਭਾਰਤੀਆਂ ਭਾਸ਼ਾਵਾਂ ਦੀ ਕਵਿਤਾ ਸੁਣਨ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਸਾਰੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਲਈ ਇਸ ਵੇਲੇ ਇੱਕੋ ਜਿਹੀਆਂ ਚੁਣੌਤੀਆਂ ਹੀ ਹਨ ਅਤੇ ਸਿਆਸਤ ਇਨ੍ਹਾਂ ’ਤੇ ਅੰਗਰੇਜ਼ੀ ਦਾ ਸੱਭਿਆਚਾਰ ਥੋਪ ਕੇ ਭਾਸ਼ਾਵਾਂ ਦੇ ਵਿਨਾਸ਼ ਦੇ ਰਾਹ ਪਏ ਹੋਏ ਹਨ। ਭਾਸ਼ਾਵਾਂ ਰਾਹੀਂ ਇਕ ਦੂਜੇ ਦੇ ਸਰੋਕਾਰਾਂ ਨੂੰ ਸਮਝਣ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਪ੍ਰਤੀ ਸੂਝ ਦਾ ਅਹਿਸਾਸ ਪੈਦਾ ਕਰਨ ਦੇ ਨਜ਼ਰੀਏ ਤੋਂ ਇਹ ਕਵੀ ਦਰਬਾਰ ਬਹੁਤ ਮਹੱਤਵਪੂਰਨ ਸੀ।
ਮੁੱਖ ਮਹਿਮਾਨ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਭਾਸ਼ਾਵਾਂ ਮਨੁੱਖੀ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਇਹ ਦੁਆ ਵੀ ਕੀਤੀ ਕਿ ਦੁਨੀਆਂ ਤੋਂ ਯੁੱਧ ਦੇ ਬੱਦਲ ਜਲਦੀ ਛੱਟ ਜਾਣ ਅਤੇ ਹਰ ਖਿੱਤੇ ਦੇ ਲੋਕ ਖੁਸ਼ੀ-ਖੁਸ਼ੀ ਵੱਸਣ। ਡਾ. ਸਰਬਜੀਤ ਕੌਰ ਸੋਹਲ ਨੇ ਸਾਰੇ ਮਹਿਮਾਨ ਕਵੀਆਂ, ਲੇਖਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਆਉਣ ਵਾਲੇ ਦਿਨਾਂ ਵਿਚ ਅੰਤਰਰਾਸ਼ਟਰੀ ਸਾਹਿਤ ਉਤਸਵ ਮਨਾਉਣ ਦੇ ਨਾਲ-ਨਾਲ ਹੋਰ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕਰ ਰਹੀ ਹੈ।
ਇਸ ਆਨਲਾਈਨ ਕਵੀ ਦਰਬਾਰ ’ਚ ਉਪਰੋਕਤ ਤੋਂ ਇਲਾਵਾ ਅੰਜਨਾ ਮੈਨਨ, ਡਾ. ਗਗਨਦੀਪ ਸਿੰਘ, ਡਾ. ਸੂਰੀਆ ਖੁਸ਼, ਰਮਿੰਦਰ ਕੌਰ ਰਮੀ,¿; ਡਾਕਟਰ ਅਮਨਦੀਪ ਕੌਰ ਬਰਾੜ,¿; ਡਾ. ਹਰਸ਼ਰਨ ਕੌਰ, ਲੱਕੀ ਮਰਾੜ ਸਮੇਤ ਬਹੁਤ ਸਾਰੇ ਹੋਰ ਮਾਤ ਭਾਸ਼ਾ ਪ੍ਰੇਮੀਆਂ ਨੇ ਭਾਗ ਲਿਆ।

Share