ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਕਾਵਿ ਮਿਲਣੀ

228
created by inCollage
Share

ਸਰੀ, 15 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਕਰਵਾਈ ਗਈ ਜਿਸ ਵਿਚ ਦੇਸ ਪ੍ਰਦੇਸ ਤੋਂ ਬਹੁਤ ਸਾਰੇ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿਚ ਡਾ. ਉਮਿੰਦਰ ਸਿੰਘ ਜੌਹਲ ਤੇ ਤੇਜਿੰਦਰ ਸਿੰਘ ਗਿੱਲ (ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ) ਮੁੱਖ ਮਹਿਮਾਨ ਸਨ। ਸਫ਼ੀਆ ਹਯਾਤ, ਡਾਕਟਰ ਜਸਦੀਪ ਕੌਰ, ਡਾਕਟਰ ਸੁਰਿੰਦਰਜੀਤ ਕੌਰ, ਜਗਜੀਤ ਸੰਧੂ, ਹਰਵਿੰਦਰ ਸਿੰਘ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਸਨ। ਕਿਰਨ ਪਾਹਵਾ, ਸੁਰਿੰਦਰ ਸਿਦਕ, ਜੈਸਮੀਨ ਮਾਹੀ, ਅਜਮੇਰ ਸਿੰਘ ਚਾਨਾ, ਡਾਕਟਰ ਗੁਰਵਿੰਦਰ ਸਿੰਘ ਅਮਨ, ਪਰਜਿੰਦਰ ਕੌਰ ਕਲੇਰ, ਸੁਮਨ ਸ਼ਾਮਪੁਰੀ ਤੇ ਰਾਣਾ ਚਾਨਾ ਸਤਿਕਾਰਿਤ ਕਵੀ ਸਨ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ:ਸਰਬਜੀਤ ਕੌਰ ਸੋਹਲ, ਪੱਬਪਾ, ਜਗਤ ਪੰਜਾਬੀ ਸਭਾ ਤੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਨੇ ਵੀ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਪ੍ਰਧਾਨ ਰਿੰਟੂ ਭਾਟੀਆ ਨੇ ਹਾਜ਼ਰੀਨ ਮੈਂਬਰਾਂ, ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਕਿਹਾ ਅਤੇ ਆਪਣੀ ਸੁਰੀਲੀ ਅਵਾਜ਼ ਵਿਚ ‘‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’’ ਪੇਸ਼ ਕੀਤਾ।
ਪ੍ਰੋਗਰਾਮ ਦੀ ਸੰਚਾਲਕ ਡਾਕਟਰ ਜਸਦੀਪ ਕੌਰ ਨੇ ਕਾਵਿ-ਮਹਿਫ਼ਿਲ ਦੇ ਆਗਾਜ਼ ਲਈ ਰਾਣਾ ਚਾਨਾ ਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਵਿਸਾਖੀ ਤੇ ਆਪਣੀ ਨਜ਼ਮ ਪੇਸ਼ ਕੀਤੀ, ਫਿਰ ਕਿਰਨ ਪਾਹਵਾ (ਕੱਚ ਦੇ ਟੁਕੜੇ), ਜੈਸਮੀਨ ਮਾਹੀ (ਅੱਖ ਤੇਰੀ ਦਾ ਮੈਂ ਖਾਬ ਹੋ ਗਈ ਹਾਂ),ਅਜਮੇਰ ਸਿੰਘ ਚਾਨਾ (ਆਖਦੇ ਨੇ ਜੀਹਨੂੰ ਪੰਜਾਂ ਪਾਣੀਆਂ ਦੀ ਰਾਣੀ), ਗੁਰਵਿੰਦਰ ਅਮਨ (ਸੁਵੱਖਤੇ ਗਲ ਬਗ਼ਲੀ ਪਾ), ਸੁਮਨ ਸ਼ਾਮਪੁਰੀ (ਖ਼ੁਸ਼ ਹੋ ਰਿਹਾ ਹੈ ਕੋਈ ਸਾਨੂੰ ਸਤਾ ਸਤਾ ਕੇ), ਸੁਰਿੰਦਰਜੀਤ ਗਿੱਲ (ਪਤਝੜ ਗਈ ਬਹਾਰਾਂ ਆਈਆਂ), ਜਗਜੀਤ ਸੰਧੂ (ਤੇਰਾ ਰੋਮ ਰੋਮ ਸ਼ੁੱਭ ਮੈਨੂੰ ਕੁਝ ਵੀ ਨਹੀਂ ਪਰਤਾਇਆ ਜਾਣਾ), ਪਰਜਿੰਦਰ ਕੌਰ ਕਲੇਰ ਨੇ (ਹਰ ਗੱਲ ਉਤੇ ਇੰਜ ਇਤਰਾਨਾ ਬੱਸ ਵੀ ਕਰ) ਰਚਨਾਵਾਂ ਪੇਸ਼ ਕੀਤੀਆਂ। ਡਾਕਟਰ ਸਰਬਜੀਤ ਕੌਰ ਸੋਹਲ ਨੇ ਰਮਿੰਦਰ ਰਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਪਣੀ ਕਵਿਤਾ ‘‘ਮੌਤ’’ ਸੁਣਾ ਕੇ ਹਾਜ਼ਰੀ ਲਗਵਾਈ ।
ਭਾਸ਼ਾ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਅਤੇ ਮੁੱਖ ਮਹਿਮਾਨ ਤੇਜਿੰਦਰ ਸਿੰਘ ਗਿੱਲ ਨੇ ਇਸ ਕਾਵਿ ਮਿਲਣੀ ਨੂੰ ਸਮ ਅੱਪ ਕਰਦਿਆਂ ਵਿਸਾਖੀ ਦੇ ਮੱਹਤਵ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਰੇ ਕਵੀ ਸਾਹਿਬਾਨ ਦੀਆਂ ਰਚਨਾਵਾਂ ਬਾਰੇ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਕਾਵਿ ਗਲ਼ਵੱਕੜੀ ਤੇ ਇਹ ਸੰਵਾਦ ਸ਼ਾਲਾ ਜਾਰੀ ਰਹੇ।
ਮੁੱਖ ਮਹਿਮਾਨ ਡਾ. ਉਮਿੰਦਰ ਸਿੰਘ ਜੌਹਲ ਨੇ ਕਿਹਾ ਕਿ ਰਮਿੰਦਰ ਰਮੀ ਬਹੁਤ ਉਦਮੀ, ਸਿਰੜੀ ਤੇ ਮਿਹਨਤੀ ਹਨ। ਨਵੰਬਰ 2020 ਤੋਂ ਲਗਾਤਾਰ ਸਫ਼ਲ ਕਾਵਿ ਮਿਲਣੀਆਂ ਕਰਦੇ ਆ ਰਹੇ ਹਨ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਨਾਮਵਰ ਕਵੀਆਂ ਤੇ ਨਵੀਆਂ ਕਲਮਾਂ ਨੂੰ ਜ਼ੂਮ ਪ੍ਰੋਗਰਾਮਾਂ ਰਾਹੀਂ ਸਾਹਿਤਕ ਸਾਂਝਾਂ ਤੇ ਕਾਵਿ ਮਿਲਣੀ ਵਿੱਚ ਜੋੜ ਕੇ ਰੱਖਿਆ ਹੋਇਆ ਹੈ। ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਵੀ ਸਾਹਿਤਕ ਸਾਂਝਾਂ ਤੇ ਰਮਿੰਦਰ ਰਮੀ ਨੂੰ ਉਤਸ਼ਾਹਿਤ ਕਰ ਰਹੇ ਹਨ ਤੇ ਸਹਿਯੋਗ ਵੀ ਕਰ ਰਹੇ ਹਨ ਇਸ ਨਾਲ ਇਹ ਹੋਰ ਲੋਕਾਂ ਤੱਕ ਪਹੁੰਚਣ ਦਾ ਵਸੀਲਾ ਵੀ ਬਣ ਰਹੇ ਹਨ।
ਪ੍ਰੋਫ਼ੈਸਰ ਕੁਲਜੀਤ ਕੌਰ ਨੇ ਸਾਹਿਤਕ ਸਾਂਝਾਂ ਤੇ ਰਮਿੰਦਰ ਰਮੀ ਦੇ ਸਾਰਥਿਕ ਯਤਨਾਂ ਅਤੇ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕਰੋਨਾ ਕਾਲ ਵਿਚ ਜ਼ੂਮ ਮੀਟਿੰਗ ਰਾਹੀਂ ਸਭ ਤੋਂ ਵੱਧ ਲਾਹਾ ਡਾ. ਸਰਬਜੀਤ ਕੌਰ ਸੋਹਲ ਤੇ ਰਮਿੰਦਰ ਰਮੀ ਨੇ ਕਾਵਿ ਮਿਲਣੀਆਂ ਰਾਹੀਂ ਸੰਵਾਦ ਰਚਾ ਕੇ ਲਿਆ ਹੈ। ਅਜੈਬ ਸਿੰਘ ਚੱਠਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਰਮਿੰਦਰ ਰਮੀ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ ਤੇ ਸਭ ਨੂੰ ਜੋੜ ਕੇ ਰੱਖਦੇ ਹਨ।
ਅੰਤ ਵਿਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਸਭਨਾਂ ਕਵੀਆਂ, ਮਹਿਮਾਨਾ ਅਤੇ ਹਾਜ਼ਰੀਨ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ  ਕਿ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਸਾਡੀ ਸੰਸਥਾ ਦੀ ਬੈਕ ਬੋਨ ਵੀ ਹਨ। ਪ੍ਰੋਗਰਾਮ ਕਾਵਿ ਮਿਲਣੀ 2020 ਨਵੰਬਰ ਵਿਚ ਸ਼ੁਰੂ ਹੋਇਆ ਅਤੇ ਉਦੋਂ ਤੋਂ ਹਮੇਸ਼ਾਂ ਉਹਨਾਂ ਦਾ ਸਹਿਯੋਗ, ਸਾਥ, ਪਿਆਰ,  ਆਸ਼ੀਰਵਾਦ ਤੇ ਯੋਗ ਅਗਵਾਈ ਮਿਲਦੀ ਰਹੀ ਹੈ। ਉਨ੍ਹਾਂ ‘‘ਬਾਜ਼ ਟੀ ਵੀ’’ ਵੱਲੋਂ ਇਸ ਪ੍ਰੋਗਰਾਮ ਨੂੰ ਲਾਈਵ ਦਿਖਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ।


Share