ਪੰਜਾਬ ਸਰਕਾਰ ਵੱਲੋਂ ਸੁਪਰ ਸਪੈਸ਼ਲਿਸਟ ਡਾਕਟਰਾਂ ਦੇ ਤਨਖਾਹ ਸਕੇਲਾਂ ’ਚ ਛੇਤੀ ਕੀਤੀ ਜਾਵੇਗੀ ਸੋਧ: ਓ ਪੀ ਸੋਨੀ

342
Share

ਉਪ ਮੁੱਖ ਮੰਤਰੀ ਨੇ ਹੰਡਿਆਇਆ ਵਿਖੇ 300 ਬਿਸਤਰਿਆਂ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਰੱਖਿਆ ਨੀਂਹ ਪੱਥਰ
ਸਿਵਲ ਹਸਪਤਾਲ ਬਰਨਾਲਾ ਲਈ 2 ਕਰੋੜ ਰੁਪਏ ਦੀ ਗ੍ਰਾਂਟ ਐਲਾਨੀ
ਚੰਡੀਗੜ/ਹੰਡਿਆਇਆ (ਬਰਨਾਲਾ), 2 ਅਕਤੂਬਰ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿਚ ਹੋਰ ਸੁਧਾਰ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਭਰਨ ਲਈ ਛੇਤੀ ਹੀ ਤਨਖਾਹ ਸਕੇਲਾਂ ਵਿਚ ਸੋਧ ਕੀਤੀ ਜਾਵੇਗੀ। ਇਹ ਪ੍ਰਗਟਾਵਾ  ਬਰਨਾਲਾ ਵਿਚ ਅੱਜ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਮੌਕੇ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਵੱਲੋਂ ਕੀਤਾ ਗਿਆ। ਉਨਾਂ ਕਿਹਾ ਕਿ ਬਰਨਾਲਾ ਦੇ ਇਸ 300 ਬਿਸਤਰਿਆਂ ਦੇ ਹਸਪਤਾਲ ਨੂੰ ਸੂਬੇ ਦੇ ਮੋਹਰੀ ਹਸਪਤਾਲਾਂ ਵਿਚ ਲਿਆਂਦਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਵੀ ਮੌਜੂਦ ਸਨ। ਇਸ ਮੌਕੇ ਉਨਾਂ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।
        ਇਸ ਮੌਕੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਉਨਾਂ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਮੁਫਤ ਦਵਾਈਆਂ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਨਾ ਖਰੀਦਣੀਆਂ ਪੈਣ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 235 ਕਿਸਮ ਦੀਆਂ ਦਵਾਈਆਂ ਖਰੀਦੀਆਂ ਗਈਆਂ ਹਨ ਤੇ ਮੁਫਤ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ ਜਿਹੜੀਆਂ ਦਵਾਈਆਂ ਦਾ ਸਟਾਕ ਉਪਲਬੱਧ ਨਹੀਂ ਹੈ, ਉਹ ਖਰੀਦਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਸਬੰਧੀ ਇਕ ਆਨਲਾਈਨ ਐਪ ਵੀ ਬਣਾਈ ਜਾਵੇਗੀ ਤਾਂ ਜੋ ਹਸਪਤਾਨਾ ਵਿਚ ਦਵਾਈਆਂ ਦਾ ਸਟਾਕ ਆਨਲਾਈਨ ਚੈਕ ਕੀਤਾ ਜਾ ਸਕੇ।
  ਉਨਾਂ ਸੁਪਰਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣ ਮਗਰੋਂ ਕਿਹਾ ਕਿ ਇਸ ਹਸਪਤਾਲ ਵਿਚ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ ਤੇ ਇਸ ਹਸਪਤਾਲ ਦੇ ਬਣਨ ਨਾਲ ਲੋਕਾਂ ਨੂੰ ਬਾਹਰਲੇ ਵੱਡੇ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ। ਉਨਾਂ ਕਿਹਾ ਕਿ ਇਹ ਹਸਪਤਾਲ 300 ਬਿਸਤਰਿਆਂ ਵਾਲਾ ਹੋਵੇਗਾ, ਜਿੱਥੇ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਹੋਵੇਗਾ। ਇਸ ਮੌਕੇ ਉਨਾਂ ਸਿਵਲ ਹਸਪਤਾਲ ਬਰਨਾਲਾ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ, ਜਿਸ ਨਾਲ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।  ਉਨਾਂ ਕਿਹਾ ਕਿ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਵਿਕਾਸ ਦਾ ਦੂਜਾ ਨਾਂਅ ਹਨ, ਜੋ ਬਰਨਾਲੇ ਦੇ ਵਿਕਾਸ ਅਤੇ ਇਸ ਨੂੰ ਹਰ ਪੱਖੋਂ ਅੱਗੇ ਲਿਜਾਣ ਲਈ ਤਤਪਰ ਰਹਿੰਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰਾਉਣ ਵਾਲੀ ਸਰਕਾਰ ਹੈ।
    ਇਸ ਮੌਕੇ ਸ. ਕੇਵਲ ਸਿੰਘ ਢਿੱੱਲੋਂ ਨੇ ਕਿਹਾ ਕਿ ਲਗਭਗ ਸਾਢੇ 6 ਏਕੜ ਰਕਬੇ ਵਿਚ ਬਣਨ ਵਾਲੇ ਇਸ ਹਸਪਤਾਲ ਵਾਸਤੇ ਸ਼ੁਰੂਆਤੀ ਪੜਾਅ ਵਿਚ 40 ਕਰੋੜ ਰੁਪਏ ਮਨਜ਼ਰੂ ਕਰਵਾਏ ਗਏ ਹਨ ਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਹਸਪਤਾਲ ਨੂੰ ਸੂਬੇ ਦਾ ਨੰਬਰ ਇਕ ਹਸਪਤਾਲ ਬਣਾਇਆ ਜਾਵੇਗਾ।
ਇਸ ਮੌਕੇ ਸ੍ਰੀ ਸੀਨੀਅਰ ਆਗੂ ਸ. ਪਵਨ ਗੋਇਲ ਵੱਲੋਂ ਉਪ ਮੁੱਖ ਮੰਤਰੀ, ਸਾਰੇ ਸੀਨੀਅਰ ਆਗੂਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦੇਸ਼ ਕੰਗ, ਡਾ. ਜੀ ਬੀ ਸਿੰਘ, ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ,  ਡੀ.ਆਈ.ਜੀ. ਸ੍ਰੀ ਗੁਰਪ੍ਰੀਤ ਸਿੰਘ ਤੂਰ, ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ, ਸ. ਕੰਵਰਇੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ. ਸ੍ਰੀ ਵਰਜੀਤ ਵਾਲੀਆ ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਤੇ ਹੋਰ ਹਾਜ਼ਰ ਸਨ।

Share