ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਹਥਿਆਰਾਂ ਦੇ ਲਾਇਸੈਂਸਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਦੇ ਹੁਕਮ ਜਾਰੀ

24
Share

-ਹਰੇਕ ਅਸਲਾ ਲਾਇਸੈਂਸ ਦੀ ਘਰ-ਘਰ ਜਾ ਕੇ ਹੋਵੇਗੀ
ਜਲੰਧਰ, 22 ਨਵੰਬਰ (ਪੰਜਾਬ ਮੇਲ)- ਪੰਜਾਬ ‘ਚ ਹੋ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਭਵਿੱਖ ‘ਚ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਨੇ ਅਸਲਾ ਲਾਇਸੈਂਸਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਬੀਤੇ ਦਿਨੀਂ ਸੂਬੇ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਹਥਿਆਰਾਂ ਦੇ ਲਾਇਸੈਂਸਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਪੁਲਿਸ ਦਾ ਮੰਨਣਾ ਹੈ ਕਿ ਸੂਬੇ ‘ਚ ਕਈ ਲੋਕਾਂ ਨੇ ਆਪਣੇ ਅਸਲਾ ਲਾਇਸੈਂਸ ਗਲਤ ਪਤੇ ‘ਤੇ ਬਣਵਾਏ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।
ਪੰਜਾਬ ਸਰਕਾਰ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਅਸਲਾ ਲਾਇਸੈਂਸਾਂ ਨੂੰ ਲੈ ਕੇ ਬਹੁਤ ਸਖ਼ਤ ਹੋ ਗਈ ਹੈ। ਹੁਣ ਕਿਸੇ ਵੀ ਵਿਅਕਤੀ ਲਈ ਆਪਣਾ ਅਸਲਾ ਲਾਇਸੈਂਸ ਬਣਵਾਉਣਾ ਸੌਖਾ ਨਹੀਂ ਹੋਵੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨੇ ਆਪਣੇ-ਆਪਣੇ ਅਧਿਕਾਰ ਖੇਤਰਾਂ ‘ਚ ਪੁਲਿਸ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਹੁਣ ਸੂਬੇ ‘ਚ ਹਰੇਕ ਅਸਲਾ ਲਾਇਸੈਂਸ ਦੀ ਫਿਜ਼ੀਕਲ ਵੈਰੀਫਿਕੇਸ਼ਨ ਹੋਵੇਗੀ। ਪੁਲਿਸ ਮੁਲਾਜ਼ਮ ਵੈਰੀਫਿਕੇਸ਼ਨ ਕਰਨ ਲਈ ਹਰੇਕ ਅਸਲਾ ਲਾਇਸੈਂਸ ਧਾਰਕ ਦੇ ਘਰ ਜਾ ਕੇ ਜਾਂਚ ਕਰਨਗੇ।
ਇਸ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਸਬੰਧਿਤ ਵਿਅਕਤੀ ਨੂੰ ਅਸਲ ‘ਚ ਅਸਲਾ ਲਾਇਸੈਂਸ ਦੀ ਲੋੜ ਹੈ ਜਾਂ ਨਹੀਂ। ਬਹੁਤ ਸਾਰੇ ਲੋਕਾਂ ਨੇ ਬਿਨਾਂ ਕਿਸੇ ਖ਼ਤਰੇ ਦੇ ਦਿਖਾਵੇ ਲਈ ਆਪਣੇ ਹਥਿਆਰਾਂ ਦੇ ਲਾਇਸੈਂਸ ਬਣਵਾਏ ਹੋਏ ਹਨ। ਪੰਜਾਬ ‘ਚ ਸਭ ਤੋਂ ਵੱਧ ਹਥਿਆਰਾਂ ਦੇ ਲਾਇਸੈਂਸ ਬਣੇ ਹੋਏ ਹਨ। ਸੂਬੇ ‘ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਹੁਣ ਪੜਤਾਲ ਉਪਰੰਤ ਰਿਪੋਰਟ ਤਿਆਰ ਕਰ ਕੇ ਡੀ.ਜੀ.ਪੀ. ਦਫ਼ਤਰ ਨੂੰ ਭੇਜੇਗੀ। ਜੇ ਕੋਈ ਵਿਅਕਤੀ ਹਥਿਆਰਾਂ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦਾ ਹੈ, ਤਾਂ ਉਸ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ।


Share