ਪੰਜਾਬ ਸਰਕਾਰ ਵੱਲੋਂ ਆਵਾਜਾਈ ਦੇ ਸਾਧਨਾਂ ਰਾਹੀਂ ਪੰਜਾਬ ਸੂਬੇ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ

829

-ਡੀ.ਸੀਜ਼, ਸੀ.ਪੀਜ਼/ਐਸ.ਐਸ.ਪੀਜ਼ ਅਤੇ ਸਿਵਲ ਸਰਜਨਾਂ ਨੂੰ ਹਦਾਇਤਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੇ ਦਿੱਤੇ ਨਿਰਦੇਸ਼
-ਨਾਗਰਿਕ ਨਿਰਵਿਘਨ ਯਾਤਰਾ ਲਈ ਕੋਵਾ ਐਪ ਡਾਊਨਲੋਡ ਕਰਨ ਅਤੇ ਮੋਬਾਇਲ ਐਪਲੀਕੇਸ਼ਨ ਜ਼ਰੀਏ ਅੰਤਰ-ਜ਼ਿਲ੍ਹਾ ਪਾਸ ਖ਼ੁਦ ਜਨਰੇਟ ਕਰਨ : ਵਿਨੀ ਮਹਾਜਨ

ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਕਰੋਨਾਵਾਇਰਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਆਵਾਜਾਈ ਦੇ ਸਾਧਨਾਂ ਰਾਹੀਂ ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰ, ਸੀਨੀਅਰ ਪੁਲਿਸ ਸੁਪਰਡੈਂਟ (ਐਸਪੀ) ਅਤੇ ਸਿਵਲ ਸਰਜਨਾਂ ਨੂੰ ਕੋਵਿਡ-19 ਦੀ ਰੋਕਥਾਮ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰਾਂ ਅਤੇ ਕੋਵਿਡ ਹੈਲਥ ਸੈਕਟਰ ਰਿਸਪਾਂਸ ਤੇ ਪ੍ਰਕਿਓਰਮੈਂਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਕੋਵਾ ਐਪ ਡਾਊਨਲੋਡ ਕਰਨਾ ਲਾਜ਼ਮੀ ਹੈ ਜੋ ਚਲਦੀ ਰਹਿਣੀ ਚਾਹੀਦੀ ਹੈ ਅਤੇ ਰੇਲਵੇ ਸਟੇਸ਼ਨ ਤੋਂ ਆਸਾਨੀ ਨਾਲ ਨਿਕਲਣ ਲਈ ਇਸ ਐਪ ’ਤੇ ਖੁਦ ਈ-ਪਾਸ ਜਨਰੇਟ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਉਕਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੇਲਗੱਡੀ ਰਾਹੀਂ ਆਉਣ-ਜਾਣ ਵਾਲੇ ਯਾਤਰੀਆਂ ਲਈ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਬੇਲੋੜੀ ਭੀੜ ਤੋਂ ਬਚਣ ਲਈ ਸਿਰਫ਼ ਪ੍ਰਮਾਣਿਤ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਪਲੇਟਫਾਰਮ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ ਅਤੇ ਉਨ੍ਹਾਂ ਨਾਲ ਕਿਸੇ ਹੋਰ ਵਿਅਕਤੀ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।ਵਧੀਕ ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਪਲੇਟਫਾਰਮ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ ਅਤੇ ਯਾਤਰੀਆਂ ਨੂੰ ਰੇਲਗੱਡੀ ਦੇ ਰਵਾਨਾ ਹੋਣ ਦੇ ਸਮੇਂ ਤੋਂ 45 ਮਿੰਟ ਪਹਿਲਾਂ ਰੇਲਵੇ ਸਟੇਸ਼ਨ ’ਤੇ ਪਹੰੁਚਣਾ ਹੋਵੇਗਾ।
ਰੇਲਵੇ ਸਟੇਸ਼ਨ ਵਿਖੇ ਯਾਤਰੀਆਂ ਦੀ ਸਹੂਲਤ ਲਈ ਹੋਰ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਆਉਣ ਵਾਲੇ ਯਾਤਰੀਆਂ ਦੁਆਰਾ ਡਾਊਨਲੋਡ ਕੀਤੀ ਗਈ ਕੋਵਾ ਐਪ ਈ-ਪਾਸ ਸਵੈ-ਜਨਰੇਟ ਕਰਨ ਲਈ ਚਲਦੀ ਰਹਿਣੀ ਚਾਹੀਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇ ਕਿਸੇ ਯਾਤਰੀ ਕੋਲ ਮੋਬਾਈਲ ਨਹੀਂ ਹੈ ਜਾਂ ਉਹ ਈ-ਪਾਸ ਤਿਆਰ ਨਹੀਂ ਕਰ ਪਾ ਰਿਹਾ ਤਾਂ ਪ੍ਰਮਾਣਿਕ ਆਈ.ਡੀ. ਪਰੂਫ (ਆਧਾਰ ਕਾਰਡ / ਡਰਾਇਵਿੰਗ ਲਾਇਸੈਂਸ / ਵੋਟਰ ਕਾਰਡ / ਸਰਕਾਰੀ ਵੱਲੋਂ ਜਾਰੀ ਕੋਈ ਹੋਰ ਆਈ.ਡੀ. ਪਰੂਫ) ਦਿਖਾਉਣ ਤੋਂ ਬਾਅਦ, ਉਕਤ ਯਾਤਰੀ ਸਕਰੀਨਿੰਗ ਲਈ ਨਿਯੁਕਤ ਕੀਤੀ ਸਿਹਤ ਟੀਮ ਨੂੰ ਰੇਲਵੇ ਸਟੇਸ਼ਨ ਵਿਖੇ ਨਿਰਧਾਰਤ ਜਗ੍ਹਾ ’ਤੇ ਸਵੈ ਘੋਸ਼ਣਾ ਪੱਤਰ ਜਮ੍ਹਾ ਕਰਵਾਏਗਾ।
ਉਨ੍ਹਾਂ ਕਿਹਾ ਕਿ ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਜਾਂ ਉੱਚ ਜੋਖਮ ਵਾਲੇ ਯਾਤਰੀਆਂ ਨੂੰ ਜਾਂਚ ਲਈ ਸਿਹਤ ਸਹੂਲਤਾਂ ਵਿੱਚ ਲਿਜਾਇਆ ਜਾਵੇਗਾ।ਪਾਜ਼ੇਟਿਵ ਪਾਏ ਜਾਣ ’ਤੇ ਸਿਹਤ ਪੋ੍ਰਟੋਕੋਲ ਅਨੁਸਾਰ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬਾਕੀ ਸਾਰੇ ਯਾਤਰੀਆਂ ਨੂੰ 14 ਦਿਨ ਲਈ ਘਰ ਵਿੱਚ ਕੁਰੰਨਟਾਈਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕੋਵਿਡ-19 ਦਾ ਕੋਈ ਵੀ ਲੱਛਣ ਦਿਖਾਈ ਦੇਣ ’ਤੇ ਨੇੜਲੀ ਤੁਰੰਤ ਨੇੜਲੀ ਸਿਹਤ ਸੰਸਥਾ ਜਾਂ ਕੋਵਿਡ-19 ਹੈਪਲਲਾਈਨ ਨੰਬਰ 104 ’ਤੇ ਸੂਚਿਤ ਕਰਨਾ ਹੋਵੇਗਾ।
ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਕੋਲ ਘਰੇਲੂ ਇਕਾਂਤਵਾਸ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਾਪਸੀ ਦੀ ਟਿਕਟ ਹੈ ਤਾਂ ਉਨ੍ਹਾਂ ਨੂੰ ਕੋਈ ਲੱਛਣ ਨਾ ਪਾਏ ਜਾਣ ’ਤੇ ਵਾਪਸ ਜਾਣ ਦੀ ਆਗਿਆ ਦੇ ਦਿੱਤੀ ਜਾਵੇਗੀ।
ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੁਆਰਾ ਲਾਂਚ ਕੀਤੀ ਗਈ ਕੋਵਾ ਐਪ ਬਾਰੇ ਗੱਲ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਕੋਵਿਡ -19 ਮੋਬਾਈਲ ਐਪਲੀਕੇਸ਼ਨ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਤੋਂ ਇਲਾਵਾ ਇਸ ਐਪ ਵਿੱਚ ਯਾਤਰੀਆਂ ਦੀ ਨਿਰਵਿਘਨ ਆਵਾਜਾਈ ਦੀ ਸਹੂਲਤ ਵਾਸਤੇ ਅੰਤਰ-ਜਿਲ੍ਹਾ ਪਾਸ ਖੁਦ ਜਨਰੇਟ ਕਰਨ ਦੀ ਨਵੀਂ ਵਿਸ਼ੇਸ਼ਤਾ ਵੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਵਾ ਐਪ ’ਤੇ ਇਸ ਵਿਸ਼ੇਸ਼ਤਾ ਜ਼ਰੀਏ, ਨਾਗਰਿਕ ਅੰਤਰ-ਜ਼ਿਲ੍ਹਾ ਪਾਸਾਂ ਲਈ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ ਅਤੇ ਖ਼ੁਦ ਪਾਸ ਜਨਰੇਟ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਪਾਸ ਸਰਕਾਰੀ ਅਥਾਰਟੀਆਂ ਨੂੰ ਸੰਪਰਕ ਟਰੇਸਿੰਗ ਅਤੇ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਵੀ ਸਹਾਇਤਾ ਕਰਨਗੇ।
ਇਸ ਵਿਸ਼ੇਸ਼ਤਾ ਦਾ ਲਾਭ ਲੈਣ ਲਈ, ਨਾਗਰਿਕਾਂ ਨੂੰ ਕੋਵਾ ਐਪ ’ਤੇ ਖੁਦ ਅੰਤਰ-ਜ਼ਿਲ੍ਹਾ ਪਾਸ ਜਨਰੇਟ ਕਰਨਾ ਹੋਵੇਗਾ ਜਿਸਨੂੰ ਉਹ ਆਪਣੀ ਯਾਤਰਾ ਦੌਰਾਨ ਚੈਕਿੰਗ ਸਮੇਂ ਪੁਲਿਸ ਅਧਿਕਾਰੀਆਂ ਨੂੰ ਦਿਖਾ ਸਕਦੇ ਹਨ। ਇਸ ਵਿਸ਼ੇਸ਼ਤਾ ਤੋਂ ਇਲਾਵਾ ਕੋਵਾ ਐਪ ਜ਼ਰੂਰੀ ਸੇਵਾਵਾਂ ਤੱਕ ਪਹੁੰਚ, ਡਾਕਟਰੀ ਸਹਾਇਤਾ, ਕੰਟੈਕਟ ਹਿਸਟਰੀ ਟਰੇਸਿੰਗ, ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ -19 ਦੀ ਰੀਅਲ ਟਾਈਮ ਅਪਡੇਟਸ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। ਵਧੀਕ ਮੁੱਖ ਸਕੱਤਰ ਨੇ ਨਾਗਰਿਕਾਂ ਨੂੰ ਇਸ ਐਪ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ।