ਪੰਜਾਬ ਸਰਕਾਰ ਵੱਲੋਂ ‘ਅਣ-ਰਜਿਸਟਰਡ’ ਮੌਤਾਂ ਨੂੰ ਰਜਿਸਟਰ ’ਚ ਦਰਜ ਕਰਨਾ ਸ਼ੁਰੂ

458
Share

ਚੰਡੀਗੜ੍ਹ, 2 ਸਤੰਬਰ (ਪੰਜਾਬ ਮੇਲ)- ਕੋਰੋਨਾ ਕਾਲ ਦੌਰਾਨ ਮੌਤਾਂ ਦਾ ਅੰਕੜਾ ਛੁਪਾਉਣ ਲਈ ਮੌਤਾਂ ਦੇ ਸਹੀ ਤੱਥਾਂ ਨੂੰ ਪੇਸ਼ ਨਾ ਕਰਨ ਕਾਰਨ ਅੰਕੜਿਆਂ ਵਿਚ ਵੱਡਾ ਭੰਬਲਭੂਸਾ ਹੈ, ਜੋ ਕਿ ਮੌਤਾਂ ਦੀ ਘੱਟ ਗਿਣਤੀ ਦਰਸਾਏ ਜਾਣ ਦੀ ਕੋਸ਼ਿਸ਼ ਲੱਗਦੀ ਹੈ। ਕਈ ਥਾਈਂ ਦੂਜੀ ਲਹਿਰ ਦੌਰਾਨ ਕੋਰੋਨਾ ਮਹਾਮਾਰੀ ਦੌਰਾਨ ਮੌਤਾਂ ਨੂੰ ਡਿਸਚਾਰਜ ਵਜੋਂ ਵੀ ਵਿਖਾਇਆ ਗਿਆ। ਪਰ ਪੰਜਾਬ ਸਿਹਤ ਵਿਭਾਗ ਨੇ ਇਹ ਮਾਮਲਾ ਸਾਹਮਣਾ ਆਉਣ ’ਤੇ ਹੁਣ ‘ਅਣ-ਰਜਿਸਟਰਡ’ ਮੌਤਾਂ ਨੂੰ ਰਜਿਸਟਰ ਵਿਚ ਦਰਜ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸਦੇ ਪਹਿਲੇ ਦਿਨ ਵਿਭਾਗ ਵੱਲੋਂ 56 ਮਾਮਲੇ ਦਰਜ ਕੀਤੇ ਗਏ।
ਪੰਜਾਬ ਸਰਕਾਰ ਵੱਲੋਂ ਜਾਰੀ ਕੋਰੋਨਾ ਰਿਪੋਰਟ ਅਨੁਸਾਰ 137 ਮੌਤਾਂ ਦਰਜ ਹੋਈਆਂ, ਜਿਨ੍ਹਾਂ ਵਿਚੋਂ 44 ਅਗਸਤ ਅਤੇ ਬਾਕੀ ਅਪ੍ਰੈਲ ਅਤੇ ਮਈ ਮਹੀਨੇ ’ਚ ਹਨ। ਜ਼ਿਲ੍ਹਾਵਾਰ ਵੰਡ ਵਿਚ, ਮਾਨਸਾ ਦੇ ਸਿਹਤ ਅਧਿਕਾਰੀ ਸਭ ਤੋਂ ਖਰਾਬ ਰਿਕਾਰਡ ਵਾਲੇ ਜਾਪਦੇ ਹਨ ਕਿਉਂਕਿ ਉਹ 64 ਮੌਤਾਂ ਦਰਜ ਕਰਨ ਵਿਚ ਅਸਫਲ ਰਹੇ ਸਨ। ਇਨ੍ਹਾਂ ਵਿਚੋਂ 37 ਨੂੰ ‘ਛੁੱਟੀ ਵਾਲੇ ਮਰੀਜ਼ਾਂ’ ਵਜੋਂ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਵਿਚ 11 ਅਣ-ਰਜਿਸਟਰਡ ਮੌਤਾਂ, ਐੱਸ.ਬੀ.ਐੱਸ. ਨਗਰ (7), ਪਟਿਆਲਾ (6), ਫਿਰੋਜ਼ਪੁਰ (4), ਪਠਾਨਕੋਟ (2) ਅਤੇ ਕਪੂਰਥਲਾ ਅਤੇ ਤਰਨਤਾਰਨ ਵਿਚ 1-1 ਮੌਤਾਂ ਹੋਈਆਂ ਹਨ।
ਸੂਬੇ ਦੇ ਮਹਾਮਾਰੀ ਵਿਰੁੱਧ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਸੀ, ਉਹ ਨਿੱਜੀ ਹਸਪਤਾਲਾਂ ਜਾਂ ਬਾਹਰੀ ਰਾਜਾਂ ਦੀਆਂ ਸਨ।
ਰਿਕਾਰਡ ਅਨੁਸਾਰ, ਮਹਾਂਮਾਰੀ ਤੋਂ ਬਾਅਦ ਕੁੱਲ 16,431 ਵਿਅਕਤੀਆਂ ਦੀ ਮੌਤ ਕੋਵਿਡ ਕਾਰਨ ਹੋਈ ਹੈ। ਹਾਲਾਂਕਿ, ਸਰਕਾਰ ਨੇ ਪਾਇਆ ਕਿ ਮਹਾਮਾਰੀ ਦੇ ਸਾਲ ਦੌਰਾਨ ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ’ਚ 52,656 ਵਧੇਰੇ ਮੌਤਾਂ ਹੋਈਆਂ ਹਨ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਇਹ ਅਨੁਪਾਤ ਦੂਜੇ ਰਾਜਾਂ ਦੀ ਤੁਲਨਾ ਵਿਚ ਘੱਟ ਹੈ, ਜਿੱਥੋਂ ਦੇ ਰਾਜ ਦੇ ਮੀਡੀਆ ਬੁਲੇਟਿਨ ਵਿਚ ਡਾਟਾ ਰਿਪੋਰਟ ਕੀਤਾ ਗਿਆ ਹੈ।

Share