ਪੰਜਾਬ ਸਰਕਾਰ ਵੱਲੋਂ ਅਕਾਲੀ ਆਗੂ ਨੂੰ ਕਮਿਸ਼ਨ ਮੈਂਬਰ ਬਣਾਉਣ ‘ਤੇ ਕਾਂਗਰਸੀ ਆਗੂ ਖਿੱਝੇ

827
Share

ਪਟਿਆਲਾ, 10 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਦੇ ਇੱਕ ਅਕਾਲੀ ਆਗੂ ਨੂੰ ਪੰਜਾਬ ਸਰਕਾਰ ਦੇ ਇੱਕ ਕਮਿਸ਼ਨ ਦਾ ਮੈਂਬਰ ਬਣਾ ਦਿੱਤਾ ਹੈ, ਜਿਸ ਨਾਲ ਪਟਿਆਲਾ ਜ਼ਿਲ੍ਹੇ ਦੇ ਕਾਂਗਰਸੀ ਆਗੂ ਅਤੇ ਵਰਕਰ ਖਿੱਝ ਗਏ ਹਨ। ਇਸ ਨਿਯੁਕਤੀ ਬਾਰੇ ਪਟਿਆਲਾ ਦੀ ਐੱਮ.ਪੀ. ਅਤੇ ਮੁੱਖ ਮੰਤਰੀ ਦੀ ਧਰਮ ਪਤਨੀ ਪ੍ਰਨੀਤ ਕੌਰ ਅਤੇ ਕਿਸੇ ਵੀ ਵਿਧਾਇਕ ਨੂੰ ਜਾਣਕਾਰੀ ਤੱਕ ਨਾ ਹੋਣ ਕਾਰਨ ਉਹ ਵੀ ਇਸ ਤੋਂ ਹੈਰਾਨ ਹਨ ਕਿ ਆਖ਼ੀਰ ਇਹ ਨਿਯੁਕਤੀ ਕਿਸ ਦੀ ਸਿਫਾਰਿਸ਼ ‘ਤੇ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਉਦੋਂ ਦੇ ਓ.ਐੱਸ.ਡੀ. ਰਵੀ ਆਹਲੂਵਾਲੀਆ ਨੂੰ ਪੰਜਾਬ ਸਟੇਟ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਦਾ ਮੈਂਬਰ ਨਿਯੁਕਤ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਕਾਂਗਰਸੀਆਂ ਭੜਕ ਉੱਠੇ ਕਿ ਕਰਫਿਊ ਦੌਰਾਨ ਇਹ ਨਿਯੁਕਤੀ ਕਿਵੇਂ ਹੋ ਗਈ। ਵਰਨਣ ਯੋਗ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਸੈਂਕੜੇ ਸੀਨੀਅਰ ਕਾਂਗਰਸੀ ਆਪਣੀ ਕਿਸੇ ਨਿਯੁਕਤੀ ਲਈ ਜ਼ੋਰ ਲਾ ਰਹੇ ਹਨ, ਪਰ ਉਨ੍ਹਾਂ ਨੂੰ ਤਿੰਨ ਸਾਲਾਂ ਤੋਂ ਕੁਝ ਨਹੀਂ ਮਿਲਿਆ। ਇਨ੍ਹਾਂ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਰਵੀ ਆਹਲੂਵਾਲੀਆਂ ਡੇਢ ਦਹਾਕੇ ਤੋਂ ਅਕਾਲੀ ਆਗੂ ਤੇ ਸਾਬਕਾ ਮੰਤਰੀ ਰਹੇ ਸੁਰਜੀਤ ਸਿੰਘ ਰੱਖੜਾ ਨਾਲ ਜੁੜਿਆ ਰਿਹਾ ਅਤੇ 2012 ਵਿਚ ਜਦੋਂ ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਸਿੰਘ ਨੇ ਸਮਾਣਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ, ਤਾਂ ਉਦੋਂ ਆਹਲੂਵਾਲੀਆ ਨੇ ਰੱਖੜਾ ਦੇ ਮੀਡੀਆ ਸਲਾਹਕਾਰ ਵਜੋਂ ਰਣਇੰਦਰ ਸਿੰਘ ਦੇ ਖ਼ਿਲਾਫ਼ ਡੱਟਵਾਂ ਪ੍ਰਚਾਰ ਕੀਤਾ ਸੀ। ਫਿਰ 2014 ਵਿਚ ਵੀ ਪ੍ਰਨੀਤ ਕੌਰ ਦੀ ਲੋਕ ਸਭਾ ਚੋਣ ਵਿਚ ਕਾਂਗਰਸ ਦੇ ਖ਼ਿਲਾਫ਼ ਕੰਮ ਕੀਤਾ।
ਇਸ ਨਿਯੁਕਤੀ ਬਾਰੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਨੇ ਰਵੀ ਆਹਲੂਵਾਲੀਆਂ ਦੀ ਨਿਯੁਕਤੀ ਦੀ ਸਿਫਾਰਸ਼ ਨਹੀਂ ਕੀਤੀ ਅਤੇ ਨਾ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ, ਇਸ ਨਿਯੁਕਤੀ ਨਾਲ ਸਾਡੇ ਵਰਕਰ ਨਿਰਾਸ਼ ਹਨ ਅਤੇ ਉਨ੍ਹਾਂ ਦਾ ਮਨੋਬਲ ਡਿੱਗਾ ਹੈ। ਉਹ ਇਸ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਨਗੇ। ਪਟਿਆਲਾ ਲੋਕ ਸਭਾ ਹਲਕੇ ਵਿਚੋਂ ਜਿੰਨੀਆਂ ਵੀ ਨਿਯੁਕਤੀਆਂ ਹੁੰਦੀਆਂ ਹਨ, ਆਮ ਕਰਕੇ ਉਹ ਪ੍ਰਨੀਤ ਕੌਰ ਰਾਹੀਂ ਹੁੰਦੀਆਂ ਹਨ ਅਤੇ ਉਹ ਆਪਣੇ ਵਿਧਾਇਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਨਿਯੁਕਤੀਆਂ ਕਰਾਉਂਦੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਰਜੀਤ ਸਿੰਘ ਰੱਖੜਾ ਨੂੰ ਹਰਾਉਣ ਵਾਲੇ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਨਿਯੁਕਤੀ ਤੋਂ ਹੈਰਾਨ ਹਨ ਕਿ ਜਿਸ ਵਿਅਕਤੀ ਨੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਤੇ ਪੁੱਤਰ ਰਣਇੰਦਰ ਸਿੰਘ ਅਤੇ ਹਰ ਕਾਂਗਰਸੀ ਉਮੀਦਵਾਰ ਦੇ ਖ਼ਿਲਾਫ਼ ਕੰਮ ਕੀਤਾ ਹੋਵੇ, ਉਸ ਨੂੰ ਕਮਿਸ਼ਨ ਮੈਂਬਰੀ ਦੇਣਾ ਅਕਾਲੀਆਂ ਨਾਲ ਲੜਨ ਵਾਲੇ ਕਾਂਗਰਸੀ ਵਰਕਰਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਂਗ ਹੈ। ਰਜਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣਾ ਓ.ਐੱਸ.ਡੀ. ਆਪਣੇ ਸਭ ਤੋਂ ਵਿਸ਼ਵਾਸ਼ ਪਾਤਰ ਨੂੰ ਲਾਉਂਦਾ ਹੈ। ਕੈਬਨਿਟ ਮੰਤਰੀ ਵਜੋਂ ਸੁਰਜੀਤ ਸਿੰਘ ਰੱਖੜਾ ਨੇ ਪੰਜ ਸਾਲ ਇਸ ਬੰਦੇ ਨੂੰ ਆਪਣਾ ਸਰਕਾਰੀ ਓ.ਐੱਸ.ਡੀ. ਲਾਈ ਰੱਖਿਆ ਸੀ। ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਹੈ ਕਿ ਇਸ ਨਿਯੁਕਤੀ ਬਾਰੇ ਮੁੱਖ ਮੰਤਰੀ ਨੂੰ ਵੀ ਪਤਾ ਨਹੀਂ ਅਤੇ ਅਫ਼ਸਰਾਂ ਨੇ ਗੁਪਤ ਤੌਰ ‘ਤੇ ਇਹ ਨਿਯੁਕਤੀ ਕਰਵਾਈ ਹੈ।
ਸੀਨੀਅਰ ਕਾਂਗਰਸ ਵਿਧਾਇਕ ਅਤੇ ਜ਼ਿਲ੍ਹਾ ਪਟਿਆਲਾ ਦੇ ਸਾਬਕਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਇੱਕ ਅਕਾਲੀ ਕਾਂਗਰਸ ਰਾਜ ਵਿਚ ਕਮਿਸ਼ਨ ਦਾ ਮੈਂਬਰ ਬਣ ਗਿਆ।


Share