ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ., ਆਈ.ਐੱਫ.ਐੱਸ. ਅਤੇ ਪੀ.ਸੀ.ਐੱਸ. ਅਧਿਆਕਾਰੀ ਪੇਸ਼ੈਂਟ ਟਰੈਕਿੰਗ ਅਫ਼ਸਰ ਵਜੋਂ ਤਾਇਨਾਤ

505
Share

ਸੀ.ਪੀ.ਟੀ.ਓਜ਼ ਜ਼ਿਲ੍ਹਾ ਪੱਧਰ ‘ਤੇ ਤਾਲਮੇਲ ਅਤੇ ਜਲਦੀ ਪ੍ਰਤੀਕਿਰਿਆ ਨੂੰ ਬਣਾਉਣਗੇ ਯਕੀਨੀ ਤਾਂ ਜੋ ਹਰ ਕੋਵਿਡ ਮਰੀਜ਼ ਨੂੰ ਬਿਹਤਰੀਨ ਇਲਾਜ ਮੁਹੱਈਆ ਕਰਵਾਇਆ ਜਾਵੇ: ਮੁੱਖ ਸਕੱਤਰ
ਚੰਡੀਗੜ੍ਹ, 30 ਜੁਲਾਈ (ਪੰਜਾਬ ਮੇਲ)- ਕੋਵਿਡ-19 ਦੇ ਹਰੇਕ ਪਾਜੇਟਿਵ ਮਰੀਜ਼ ਨੂੰ ਮਿਆਰੀ ਇਲਾਜ ਮੁਹੱਈਆ ਕਰਾਉਣ ਲਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ., ਆਈ.ਐੱਫ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਨੂੰ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (ਸੀ.ਪੀ.ਟੀ.ਓਜ਼) ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਸੂਬਾ ਸਰਕਾਰ ਵਲੋਂ ਇਨ੍ਹਾਂ ਅਧਿਕਾਰੀਆਂ ਨੂੰ ਸੀ.ਪੀ.ਟੀ.ਓ. ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਮਰੀਜ਼ਾਂ ਦੇ ਪਾਜੇਟਿਵ ਪਾਏ ਜਾਣ ਦੇ ਸਮੇਂ ਤੋਂ ਇਲਾਜ ਤੱਕ ਉਹਨਾਂ ਨੂੰ ਟਰੈਕ ਕਰਨਗੇ ਤਾਂ ਜੋ ਜ਼ਿਲ੍ਹਾ ਪੱਧਰ ’ਤੇ ਤਾਲਮੇਲ ਅਤੇ ਤੇਜ਼ੀ ਨਾਲ ਪ੍ਰਤੀਕ੍ਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਅਧਿਕਾਰੀ ਆਪਣੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਸੀ.ਟੀ.ਪੀ.ਓਜ਼ ਵਜੋਂ ਆਪਣੀ ਭੂਮਿਕਾ ਨਿਭਾਉਣਗੇ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਰਿਪੋਰਟ ਕਰਨਗੇ।
ਉਹਨਾਂ ਦੱਸਿਆ ਕਿ ਮਿਸ ਪੱਲਵੀ, ਆਈ.ਏ.ਐੱਸ, ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ, ਸ੍ਰੀ ਆਦਿੱਤਿਆ ਡਚਲਵਾਲ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ, ਸ੍ਰੀ ਪਰਮਵੀਰ ਸਿੰਘ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਠਿੰਡਾ, ਮਿਸ. ਪੂਨਮ ਸਿੰਘ, ਪੀ.ਸੀ.ਐਸ, ਸਬ ਡਵੀਜ਼ਨਲ ਮੈਜਿਸਟ੍ਰੇਟ, ਫਰੀਦਕੋਟ, ਸ੍ਰੀ ਹਰਭਜਨ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਫਤਹਿਗੜ ਸਾਹਿਬ, ਸ੍ਰੀ ਬਰਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਫਸਰ, ਫਾਜ਼ਿਲਕਾ, ਸ੍ਰੀ ਕੰਵਰਦੀਪ ਸਿੰਘ ਆਈ.ਐੱਫ.ਐੱਸ., ਸ੍ਰੀ ਸਕਤਾਰ ਸਿੰਘ ਬੱਲ, ਪੀ.ਸੀ.ਐੱਸ., ਉਪ ਮੰਡਲ ਮੈਜਿਸਟਰੇਟ, ਗੁਰਦਾਸਪੁਰ, ਸ੍ਰੀ ਬਲਬੀਰ ਰਾਜ ਸਿੰਘ, ਪੀ.ਸੀ.ਐੱਸ. , ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ, ਹੁਸ਼ਿਆਰਪੁਰ, ਮਿਸ. ਨਵਨੀਤ ਕੌਰ ਬੱਲ, ਪੀ.ਸੀ.ਐੱਸ., ਅਸਟੇਟ ਅਫਸਰ ਜਲੰਧਰ ਵਿਕਾਸ ਅਥਾਰਟੀ, ਜਲੰਧਰ, ਸ੍ਰੀ ਪਵਿੱਤਰ ਸਿੰਘ, ਪੀ.ਸੀ.ਐੱਸ., ਉਪ ਮੰਡਲ ਮੈਜਿਸਟਰੇਟ, ਫਗਵਾੜਾ, ਸ੍ਰੀ ਸੰਦੀਪ ਕੁਮਾਰ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲੁਧਿਆਣਾ, ਸ੍ਰੀ ਸਾਗਰ ਸੇਤੀਆ, ਆਈ.ਏ.ਐਸ, ਉਪ ਮੰਡਲ ਮੈਜਿਸਟਰੇਟ ਬੁੱਢਲਾਡਾ, ਸ੍ਰੀ ਕੁਲਦੀਪ ਕੁਮਾਰ, ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ, ਮੋਗਾ, ਸ੍ਰੀ ਗਗਨਦੀਪ ਸਿੰਘ, ਪੀ.ਸੀ.ਐਸ., ਵਾਧੂ ਸਹਾਇਕ ਕਮਿਸ਼ਨਰ (ਯੂ.ਟੀ), ਸ੍ਰੀ ਮੁਕਤਸਰ ਸਾਹਿਬ, ਮਿਸ. ਨਿਧੀ ਕੁਮੂਦ ਬਾਂਬਾਹ, ਪੀ.ਸੀ.ਐੱਸ, ਉਪ ਮੰਡਲ ਮੈਜਿਸਟ੍ਰੇਟ ਧਾਰਕਲਾਂ, ਮਿਸ. ਪ੍ਰੀਤੀ ਯਾਦਵ, ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ, ਸ੍ਰੀਮਤੀ ਮੋਨਿਕਾ ਯਾਦਵ, ਆਈਐਫਐਸ, ਜ਼ਿਲ੍ਹਾ ਜੰਗਲਾਤ ਅਫ਼ਸਰ (ਜੰਗਲੀ ਜੀਵਨ) ਰੂਪਨਗਰ, ਸ੍ਰੀਮਤੀ ਰਵਜੋਤ ਗਰੇਵਾਲ, ਆਈਪੀਐਸ, ਐਸਪੀ (ਦਿਹਾਤੀ), ਐਸਏਐਸ ਨਗਰ, ਸ੍ਰੀ ਆਦਿੱਤਿਆ ਉੱਪਲ, ਆਈਏਐਸ ਵਧੀਕ ਡਿਪਟੀ ਕਮਿਸ਼ਨਰ (ਜਨਰਲ) , ਐਸ.ਬੀ.ਐਸ. ਨਗਰ, ਮਿਸ. ਵਿਦਿਆ ਸਾਗਰੀ, ਆਈਐਫਐਸ, ਮੰਡਲ ਜੰਗਲਾਤ ਅਫਸਰ, ਸੰਗਰੂਰ ਅਤੇ ਸ੍ਰੀ ਅਮਨਪ੍ਰੀਤ ਸਿੰਘ, ਵਾਧੂ ਸਹਾਇਕ ਕਮਿਸ਼ਨਰ (ਯੂ.ਟੀ.), ਤਰਨ ਤਾਰਨ ਨੂੰ ਆਪਣੇ ਜ਼ਿਲ੍ਹਿਆਂ ਲਈ ਸੀਪੀਟੀਓ ਵਜੋਂ ਨਿਯੁਕਤ ਕੀਤਾ ਗਿਆ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਲੈਬ ਵਿਚ ਟੈਸਟ ਦਾ ਨਤੀਜਾ ਘੋਸ਼ਿਤ ਹੁੰਦੇ ਹੀ ਕੋਵਿਡ ਦੇ ਹਰ ਪਾਜੇਟਿਵ ਮਰੀਜ਼ ਦਾ ਵੇਰਵਾ ਹਾਸਿਲ ਕਰਨ ਦੇ ਨਾਲ ਨਾਲ ਸੀ.ਪੀ.ਟੀ.ਓ. ਲੈਬਾਂ ਨਾਲ ਸੰਪਰਕ ਯਕੀਨੀ ਬਣਾਉਣਗੇ ਤਾਂ ਜੋ ਨਤੀਜੇ ਹਾਸਲ ਕਰਨ ਵਿੱਚ ਕੋਈ ਵੀ ਦੇਰੀ ਨਾ ਹੋਣ ਦਿੱਤੀ ਜਾਵੇ ਅਤੇ ਕੋਵਿਡ ਦੇ ਪਾਜੇਟਿਵ ਮਰੀਜ਼ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਸੀ.ਪੀ.ਟੀ.ਓ. ਇਹ ਵੀ ਯਕੀਨੀ ਬਣਾਉਣਗੇ ਕਿ ਹਰੇਕ ਪਾਜੇਟਿਵ ਮਰੀਜ਼ ਨੂੰ ਆਰ.ਆਰ.ਟੀਜ਼/ਸਿਹਤ ਟੀਮਾਂ ਰਾਹੀਂ ਨਜ਼ਦੀਕੀ ਹਸਪਤਾਲ ਵਿਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਾ ਸਕੇ ਅਤੇ ਉਸ ਦੇ ਅਨੁਸਾਰ ਇਲਾਜ ਕਰਵਾਇਆ ਜਾ ਸਕੇ।
ਜੇਕਰ ਕਿਸੇ ਵਿਅਕਤੀ ਵਿਚ ਕੋਵਿਡ-19 ਦਾ ਕੋਈ ਲੱਛਣ ਨਹੀਂ ਹੈ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਨਹੀਂ ਹੈ ਤਾਂ ਉਸ ਨੂੰ ਸੀ.ਸੀ.ਸੀ. ਜਾਂ ਘਰੇਲੂ ਇਕਾਂਤਵਾਸ ਭੇਜਿਆ ਜਾਂਦਾ ਹੈ (ਜੇਕਰ ਉਹ ਸਿਹਤ ਵਿਭਾਗ ਵਲੋਂ ਨਿਰਧਾਰਤ ਮਾਪਦੰਡ ਪੂਰੇ ਕਰਦਾ ਹੈ)। ਮਰੀਜ਼ ਆਪਣੀ ਇੱਛਾ ਅਨੁਸਾਰ ਕਿਸੇ ਪ੍ਰਾਇਵੇਟ ਹਸਪਤਾਲ ਵਿਚ ਦਾਖਲ ਵੀ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਵਿਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਅਤੇ ਉਹ ਕਿਸੇ ਹੋਰ ਬਿਮਾਰੀ ਤੋਂ ਵੀ ਪੀੜਤ ਹੈ ਤਾਂ ਉਸ ਨੂੰ ਲੈਵਲ-II ਹਸਪਤਾਲ (ਸਰਕਾਰੀ/ਪ੍ਰਾਈਵੇਟ) ਵਿਚ ਭੇਜਿਆ ਜਾਂਦਾ ਹੈ। ਜੇਕਰ ਮਰੀਜ਼ ਦੀ ਹਾਲਤ ਨਾਜ਼ੁਕ ਹੈ ਤਾਂ ਉਸ ਨੂੰ ਤੁਰੰਤ ਹੀ ਲੈਵਲ-III ਹਸਪਤਾਲ (ਸਰਕਾਰੀ/ ਪ੍ਰਾਈਵੇਟ) ਵਿੱਚ ਭੇਜਿਆ ਜਾਂਦਾ ਹੈ।
ਸੀ.ਪੀ.ਟੀ.ਓਜ਼ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸੀ.ਪੀ.ਟੀ.ਓ. ਨੂੰ ਡਿਪਟੀ ਕਮਿਸ਼ਨਰ ਦੇ ਸਲਾਹ ਨਾਲ ਜਾਨਾਂ ਬਚਾਉਣ ਲਈ ਲੋੜੀਂਦੇ ਖਰਚੇ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਜਾਵੇਗਾ। ਉਦਾਹਰਣ ਲਈ, ਲੋੜ ਪੈਣ ‘ਤੇ ਪ੍ਰਾਈਵੇਟ ਐਂਬੂਲੈਂਸ ਜਾਂ ਪ੍ਰਾਈਵੇਟ ਹਸਪਤਾਲ ਦੀ ਵਰਤੋਂ ਕਰਨਾ। ਹਾਲਾਂਕਿ, ਆਮ ਤੌਰ ‘ਤੇ ਸਿਰਫ ਸਰਕਾਰੀ ਐਂਬੂਲੈਂਸਾਂ ਅਤੇ ਸਰਕਾਰੀ ਹਸਪਤਾਲਾਂ ਦੀ ਵਰਤੋਂ ਕੀਤੀ ਜਾਏਗੀ।
ਉਹਨਾਂ ਕਿਹਾ ਕਿ ਸੀ.ਪੀ.ਟੀ.ਓ. ਕੋਲ ਸੀ.ਸੀ.ਸੀ. (ਕੋਵਿਡ ਕੇਅਰ ਸੈਂਟਰ), ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਸਬੰਧੀ ਸੂਚੀ ਦੇ ਨਾਲ ਨਾਲ ਲੈਵਲ-3 ਦੇ ਇਲਾਜ ਲਈ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਉਪਲਬਧਤਾ ਦੀ ਸੂਚੀ ਹੋਣੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਸੀ.ਪੀ.ਟੀ.ਓ. ਕੋਲ ਪ੍ਰਾਇਵੇਟ ਤੇ ਸਰਕਾਰੀ ਐਂਬੂਲੈਂਸ ਸੇਵਾਵਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸੀ.ਪੀ.ਟੀ.ਓ. ਕੋਲ ਕਿਸੇ ਵੀ ਐਮਰਜੈਂਸੀ ਰੈਫਰਲ/ਜ਼ਰੂਰਤਾਂ ਲਈ ਗੁਆਂਢੀ ਜ਼ਿਲ੍ਹਿਆਂ ਵਿੱਚ ਆਪਣੇ ਹਮਰੁਤਬਾ ਨਾਲ ਚੰਗਾ ਤਾਲਮੇਲ ਹੋਣਾ ਚਾਹੀਦਾ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਸੀ.ਪੀ.ਟੀ.ਓ. ਘਰੇਲੂ ਇਕਾਂਤਵਾਸ ਵਿਚ ਰਹਿਣ ਵਾਲੇ ਹਰੇਕ ਮਰੀਜ਼ ਦੀ ਰੋਜ਼ਾਨਾ ਟੈਲੀ-ਮੋਨੀਟੀਰਿੰਗ ਕਰਵਾਉਣ ਨੂੰ ਯਕੀਨੀ ਬਣਾਉਣਗੇ। ਆਰ.ਆਰ.ਟੀਜ਼ ਨੂੰ ਅਕਸਰ ਅਤੇ ਜ਼ਰੂਰਤ ਪੈਣ ‘ਤੇ ਮਰੀਜ਼ਾਂ ਨੂੰ ਮਿਲਣਾ ਚਾਹੀਦਾ ਹੈ। ਕਿਸੇ ਵੀ ਐਮਰਜੈਂਸੀ ਰੈਫਰਲ ਦੀ ਸਥਿਤੀ ਵਿੱਚ ਜ਼ਿਲ੍ਹਾ ਕੰਟਰੋਲ ਰੂਮ ਦਾ ਟੈਲੀਫ਼ੋਨ ਨੰਬਰ ਮਰੀਜ਼ ਨਾਲ ਸਾਂਝਾ ਕਰਨਾ ਚਾਹੀਦਾ ਹੈ। ਅਜਿਹੇ ਸਾਰੇ ਰੈਫਰਲ ਸਹੀ ਢੰਗ ਨਾਲ ਕੀਤੇ ਜਾਣੇ ਚਾਹੀਦੇ ਹਨ ਅਤੇ ਸੀ.ਪੀ.ਟੀ.ਓ. ਨੂੰ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ।
ਆਦੇਸ਼ਾਂ ਦੇ ਅਨੁਸਾਰ ਸੀ.ਪੀ.ਟੀ.ਓ. ਲੈਵਲ-1/ ਲੈਵਲ-2/ ਲੈਵਲ-III/ ਮਰੀਜ਼ ਦੀ ਮੌਤ ਹੋਣ ਦੇ ਮਾਮਲੇ ਵਿੱਚ ਸੰਸਕਾਰ ਸਬੰਧੀ ਦਿੱਤੇ ਸਿਹਤ ਪ੍ਰੋਟੋਕੋਲ ਤੋਂ ਚੰਗੀ ਤਰ੍ਹਾਂ ਜਾਣੂ ਹੋਣੇ ਚਾਹੀਦੇ ਹਨ। ਉਹਨਾਂ ਨੂੰ ਡਾ. ਤਲਵਾੜ ਦੀ ਪ੍ਰਧਾਨਗੀ ਹੇਠ ਡਾਕਟਰੀ ਮਾਹਿਰਾਂ ਦੀਆਂ ਮੀਟਿੰਗਾਂ ਵਿਚ ਬਾਕਾਇਦਾ ਸ਼ਾਮਲ ਹੋਣਾ ਚਾਹੀਦਾ ਹੈ। ਸੀ.ਪੀ.ਟੀ.ਓ. ਇਹ ਯਕੀਨੀ ਬਣਾਉਣਗੇ ਕਿ ਕਿਸੇ ਕੋਵਿਡ ਪਾਜੇਟਿਵ ਮਰੀਜ਼ ਦੀ ਮੌਤ ਹੋਣ ‘ਤੇ ਸੂਬੇ ਦੇ ਪ੍ਰੋਟੋਕੋਲਾਂ ਅਨੁਸਾਰ ਜਿੰਨੀ ਜਲਦੀ ਸੰਭਵ ਹੋ ਸਕੇ ਸੰਸਕਾਰ ਕੀਤਾ ਜਾਵੇ।
ਸੀ.ਪੀ.ਟੀ.ਓ. ਆਪਣੀ ਸਹੂਲਤ ਲਈ ਖੇਤਰ-ਅਨੁਸਾਰ ਸੈਕਟਰ ਅਫਸਰਾਂ ਦੀ ਨਿਯੁਕਤੀ ਕਰ ਸਕਦੇ ਹਨ ਅਤੇ ਆਪਣੇ ਰਿਪੋਰਟਿੰਗ ਖੇਤਰ ਵਿਚ ਸਾਰੇ ਪਾਜੇਵਿਟ ਮਾਮਲਿਆਂ ਦੀ ਨਜ਼ਰ ਰੱਖ ਸਕਦੇ ਹਨ। ਸੀ.ਪੀ.ਟੀ.ਓ. ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਤਿਆਰ ਕੀਤੇ ਪੇਸ਼ੈਂਟ ਟਰੈਕਿੰਗ ਸਿਸਟਮ ਦੀ ਅਸਲ ਸਮੇਂ ਦੀ ਅਪਡੇਸ਼ਨ ਨੂੰ ਯਕੀਨੀ ਬਣਾਉਗੇ।


Share