ਪੰਜਾਬ ਸਰਕਾਰ ਵਲੋਂ ਸਖ਼ਤ ਬੰਦਿਸ਼ਾਂ ਤਹਿਤ ਧਾਰਮਿਕ ਸਥਾਨਾਂ ‘ਚ ਪ੍ਰਸ਼ਾਦ ਤੇ ਲੰਗਰ ਵਰਤਾਉਣ ਦੀ ਪ੍ਰਵਾਨਗੀ

717
Share

ਚੰਡੀਗੜ੍ਹ, 10 ਜੂਨ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਧਾਰਮਿਕ ਸਥਾਨਾਂ ‘ਚ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਸਖ਼ਤ ਬੰਦਿਸ਼ਾਂ ਨਾਲ ਇਹ ਪ੍ਰਵਾਨਗੀ ਦਿੱਤੀ ਹੈ। ਸਿਆਸੀ ਤੌਰ ‘ਤੇ ਵੀ ਰਾਜ ਸਰਕਾਰ ਨੇ ਇਸ ਮਾਮਲੇ ‘ਚ ਪਹਿਲ ਕਰ ਦਿੱਤੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਮਰਿਯਾਦਾ ਤਹਿਤ ਪ੍ਰਸ਼ਾਦ ਤੇ ਲੰਗਰ ਵਰਤਾਏ ਜਾਣ ਲਈ ਪੰਜਾਬ ਸਰਕਾਰ ਤੋਂ ਵੀ ਛੋਟ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਤਾਂ ਇਸ ਸਬੰਧੀ ਗੇਂਦ ਕੇਂਦਰ ਸਰਕਾਰ ਦੇ ਪਾਲੇ ‘ਚ ਸੁੱਟ ਦਿੱਤੀ ਸੀ ਪ੍ਰੰਤੂ ਬਾਅਦ ਵਿਚ ਨੋਟੀਫਿਕੇਸ਼ਨ (ਅਣਲੌਕ-1) ਤਹਿਤ ਧਾਰਮਿਕ ਸਥਾਨਾਂ ਵਿਚ ਲੰਗਰ ਅਤੇ ਪ੍ਰਸ਼ਾਦ ਵਰਤਾਏ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਸ਼ਾਦ ਅਤੇ ਲੰਗਰ ਬਣਾਉਣ ਅਤੇ ਵਰਤਾਊਣ ਸਮੇਂ ਕੋਵਿਡ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਵਾਸਤੇ ਆਖਿਆ ਗਿਆ ਹੈ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 6 ਜੂਨ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਧਾਰਮਿਕ ਸਥਾਨਾਂ ਨੂੰ ਖੋਲ੍ਹੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਸੀ, ਜੋ ਕਿ 30 ਜੂਨ ਤੱਕ ਦੀ ਹੈ।


Share