ਪੰਜਾਬ ਸਰਕਾਰ ਨੇ ਕੋਰੋਨਾ ਯੋਧਾ ਸਿਹਤ ਕਰਮਚਾਰੀ ਪਰਮਜੀਤ ਕੌਰ ਦੇ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ

530
Share

 ਚੰਡੀਗੜ, 9 ਸਤੰਬਰ (ਪੰਜਾਬ ਮੇਲ)-   ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਵਿਸ਼ੇਸ਼ ਸਿਹਤ ਬੀਮਾ ਕਵਰ ਸਕੀਮ ਤਹਿਤ ਕੋਰੋਨਾ ਯੋਧਾ ਮਲਟੀਪਰਪਜ ਹੈਲਥ ਵਰਕਰ (ਮਹਿਲਾ) ਸਵਰਗਵਾਸੀ ਪਰਮਜੀਤ ਕੌਰ ਦੇ ਪਰਿਵਾਰ ਨੂੰ ਸਨਮਾਨ ਪੱਤਰ ਦੇ ਨਾਲ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ, ਜਿਹਨਾਂ ਦੀ ਡਿਊਟੀ ਦੌਰਾਨ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।
ਸ. ਸਿੱਧੂ ਨੇ ਦੱਸਿਆ ਕਿ ਪਿੰਡ ਲੋਹਗੜ (ਬਰਨਾਲਾ) ਦੀ ਮਲਟੀਪਰਪਜ ਹੈਲਥ ਵਰਕਰ ਪਰਮਜੀਤ ਕੌਰ ਸਿਹਤ ਵਿਭਾਗ ਦੀ ਇਕ ਚਾਨਣ ਮੁਨਾਰਾ ਅਤੇ ਮਿਹਨਤੀ ਕਰਮਚਾਰੀ ਸੀ। ਫਰੰਟ ਲਾਈਨ ਵਰਕਰ ਵਜੋਂ ਆਪਣੀ ਡਿਊਟੀ ਨਿਭਾਉਂਦੇ ਹੋਏ ਉਹਨਾਂ ਦਾ ਟੈਸਟ ਪਾਜੇਟਿਵ ਪਾਇਆ ਗਿਆ। ਉਹ 52 ਸਾਲਾਂ ਦੇ ਸਨ ਅਤੇ ਜ਼ਿਲਾ ਲੁਧਿਆਣਾ ਦੇ ਸਬ ਸੈਂਟਰ ਕਾਲਸਾਂ, ਸੀਐਚਸੀ ਸੁਧਾਰ ਵਿਖੇ ਤਾਇਨਾਤ ਸਨ ਅਤੇ 29 ਜੁਲਾਈ 2020 ਨੂੰ ਕੋਵੀਡ -19 ਕਾਰਨ ਮੌਤ ਹੋ ਗਈ। ਉਨਾਂ ਕਿਹਾ ਕਿ ਉਹਨਾਂ ਨੂੰ ਆਪਣੀਆਂ ਸੇਵਾਵਾਂ ਲਈ ਹਮੇਸ਼ਾਂ ਇੱਕ ਸੱਚੇ ਕੋਰੋਨਾ ਯੋਧਾ ਵਜੋਂ ਯਾਦ ਕੀਤਾ ਜਾਵੇਗਾ ਅਤੇ ਸੂਬਾ ਉਹਨਾਂ ਦੀ ਕੁਰਬਾਨੀ ਦਾ ਹਮੇਸ਼ਾਂ ਕਰਜ਼ਦਾਰ ਰਹੇਗਾ।
 ਸਿਹਤ ਮੰਤਰੀ ਨੇ ਉਹਨਾਂ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਉਹਨਾਂ ਨੂੰ ਸਾਰੇ ਲਾਭ ਜਿਵੇਂ ਪਰਿਵਾਰ ਦੇ ਇਕ ਮੈਂਬਰ ਨੂੰ ਤਰਸ ਦੇ ਅਧਾਰ ‘ਤੇ ਸਰਕਾਰੀ ਨੌਕਰੀ ਅਤੇ ਐਕਸਗ੍ਰੇਸ਼ੀਆ ਵੀ ਪ੍ਰਦਾਨ ਕੀਤੇ ਜਾਣਗੇ।
ਸ. ਸਿੱਧੂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਲੱਛਣ ਹੋਣ ਅਤੇ ਕਿਸੇ ਵੀ ਕੋਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹਨਾਂ ਲਈ ਬਿਨਾਂ ਕਿਸੇ ਦੇਰੀ ਤੋਂ ਸਵੈ-ਜਾਂਚ ਕਰਵਾਉਣਾ ਲਾਜ਼ਮੀ ਹੈ। ਉਨਾਂ ਕਿਹਾ ਕਿ ਟੈਸਟ ਵਿੱਚ ਦੇਰੀ ਕਾਰਨ ਸੂਬੇ ਵਿੱਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਖਾਸਕਰ ਸਹਿ ਰੋਗ ਵਾਲੇ ਮਰੀਜਾਂ ਦੀਆਂ ਮੌਤਾਂ ਵਧੇਰੇ ਹੋ ਰਹੀਆਂ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਲੋਕਾਂ ਵਿਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਉੱਚ ਜੋਖਮ ‘ਤੇ ਲਗਾਤਾਰ ਡਿਊਟੀ ਨਿਭਾ ਰਹੇ ਹਨ।

Share