ਪੰਜਾਬ ਸਰਕਾਰ ਨੇ ਕੈਪਟਨ ਦੀ ਰਿਹਾਇਸ਼ ਦੁਆਲਿਓਂ ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ

319
ਕੈਪਟਨ ਦੀ ਰਿਹਾਇਸ਼ ਦੇ ਪਿਛਲੇ ਪਾਸੇ ਖਾਲੀ ਪਈ ਪੁਲਿਸ ਪੋਸਟ।
Share

ਪਟਿਆਲਾ, 28 ਅਕਤੂਬਰ (ਪੰਜਾਬ ਮੇਲ)-ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਕਰਕੇ ਸ਼ੁਰੂ ਤੋਂ ਹੀ ਇਥੇ ਧਰਨੇ-ਮੁਜ਼ਾਹਰੇ ਹੁੰਦੇ ਰਹੇ ਪਰ ਸਾਲ ਭਰ ਤੋਂ ਇਹ ਰੁਝਾਨ ਵਧ ਗਿਆ ਸੀ, ਜਿਸ ਕਰਕੇ ਉਨ੍ਹਾਂ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦੁਆਲੇ ਦਿਨ-ਰਾਤ ਹੀ ਸੈਂਕੜੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਹਿਣ ਲੱਗੀ ਸੀ। ਅਮਰਿੰੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਮਗਰੋਂ ਧਰਨਿਆਂ ਨੂੰ ਠੱਲ੍ਹ ਪੈਣ ਕਰਕੇ ਅਜਿਹੀ ਫੋਰਸ ਤਾਂ ਭਾਵੇਂ ਪਹਿਲਾਂ ਹੀ ਹਟਾ ਲਈ ਗਈ ਸੀ ਪਰ ਹੁਣ ਨਿਊ ਮੋਤੀ ਬਾਗ ਪੈਲੇਸ ਦੇ ਚਾਰੇ ਖੂੰਜਿਆਂ ’ਚ ਸਾਢੇ ਚਾਰ ਸਾਲਾਂ ਤੋਂ ਪੱਕੀਆਂ ਪੋਸਟਾਂ ਬਣਾ ਕੇ ਬੈਠੇ ਦਰਜਨਾਂ ਪੁਲਿਸ ਮੁਲਾਜ਼ਮ ਵੀ ਸਰਕਾਰ ਨੇ ਵਾਪਸ ਬੁਲਾ ਲਏ ਹਨ।
ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਅੰਤਲੇ ਅਧਿਕਾਰਤ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਪੁੱਤਰ ਹਨ। ਇਨ੍ਹਾਂ ਦੀ ਨਿੱਜੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ 35 ਏਕੜ ਵਿਚ ਹੈ। ਭਾਵੇਂ ਕਿ ਅਮਰਿੰਦਰ ਸਿੰਘ 1980 ’ਚ ਸੰਸਦ ਮੈਂਬਰ, 1985 ਵਿਚ ਤਲਵੰਡੀ ਸਾਬੋ ਦੇ ਵਿਧਾਇਕ ਵਜੋਂ ਬਰਨਾਲਾ ਸਰਕਾਰ ’ਚ ਮੰਤਰੀ ਅਤੇ 1992 ’ਚ ਸਮਾਣਾ ਤੋਂ ਵਿਧਾਇਕ ਵੀ ਬਣੇ ਪਰ ‘ਨਿਊ ਮੋਤੀ ਬਾਗ ਪੈਲੇਸ’ ਨੇੜੇ ਵਧੇਰੇ ਸੁਰੱਖਿਆ ਦਸਤਿਆਂ ਦੀ ਤਾਇਨਾਤੀ 2002 ’ਚ ਉਨ੍ਹਾਂ ਦੇ ਪਹਿਲੀ ਵਾਰ ਮੁੱਖ ਮੰਤਰੀ ਬਣਨ ’ਤੇ ਹੋਈ ਸੀ। ਫਿਰ ਉਹ 2007 ਅਤੇ 2012 ’ਚ ਵੀ ਪਟਿਆਲਾ ਤੋਂ ਵਿਧਾਇਕ ਅਤੇ 2014 ’ਚ ਅੰਮਿ੍ਰਤਸਰ ਤੋਂ ਸੰਸਦ ਮੈਂਬਰ ਬਣੇ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਕੇਂਦਰ ’ਚ ਇਕ ਵਾਰ ਵਿਦੇਸ਼ ਰਾਜ ਮੰਤਰੀ ਬਣਨ ਸਮੇਤ ਹੁਣ ਚੌਥੀ ਵਾਰ ਸੰਸਦ ਮੈਂਬਰ ਹਨ ਪਰ ਮੋਤੀ ਮਹਿਲ ਦੁਆਲੇ ਮੁੜ ਤੋਂ ਸੁਰੱਖਿਆ ਘੇਰਾ ਕੈਪਟਨ ਦੇ 2017 ’ਚ ਮੁੱਖ ਮੰਤਰੀ ਬਣਨ ’ਤੇ ਵਧਿਆ ਸੀ। ਇਸ ਦੌਰਾਨ ਸਾਰੇ ਸਮਿਆਂ ਤੋਂ ਵੱਧ ਸੁਰੱਖਿਆ ਦਸਤਾ ਤਾਇਨਾਤ ਰਿਹਾ।
ਹੁਣ ਤੱਕ ਮਹਿਲ ਦੇ ਚਾਰੇ ਖੂੰਜਿਆਂ ’ਚ ਚੌਵੀ ਘੰਟੇ ਪੁਲਿਸ ਤਾਇਨਾਤ ਰਹਿੰਦੀ ਰਹੀ, ਜਿਸ ਕਰਕੇ ਪੁਲਿਸ ਮੁਲਜ਼ਮਾਂ ਲਈ ਮਹਿਲ ਦੇ ਚਾਰੇ ਖੂੰਜਿਆਂ ’ਚ ਟੈਂਟ ਅਤੇ ਟੀਨਾਂ ਆਦਿ ਜ਼ਰੀਏ ਆਰਜ਼ੀ ਪੁਲਿਸ ਪੋਸਟਾਂ ਵੀ ਬਣਾਉਣੀਆਂ ਪਈਆਂ। ਸ਼ੁਰੂ ’ਚ ਤਾਂ ਇਨ੍ਹਾਂ ਚਾਰੇ ਪੋਸਟਾਂ ’ਚ ਅੱਠ-ਅੱਠ ਪੁਲਿਸ ਮੁਲਾਜ਼ਮ ਹੀ ਤਾਇਨਾਤ ਰਹੇ ਪਰ ਅੰਤਲੇ ਸਾਲ ਮੁਲਾਜ਼ਮਾਂ ਦੀ ਗਿਣਤੀ ਵੀਹ-ਵੀਹ ਤੱਕ ਵੀ ਅੱਪੜਦੀ ਰਹੀ। ਉਂਜ ਇਨ੍ਹਾਂ ਮੁਲਾਜ਼ਮਾਂ ਕੋਲ ਬੈਰੀਕੇਡ ਆਸੇ-ਪਾਸੇ ਕਰਨ ਤੋਂ ਬਿਨਾਂ ਹੋਰ ਬਹੁਤਾ ਕੰਮ ਨਹੀਂ ਹੁੰਦਾ ਸੀ ਪਰ ਕੁੱਝ ਦਿਨ ਪਹਿਲਾਂ ਮਹਿਲ ਦੇ ਪਿਛਲੇ ਦੋਵੇਂ ਖੂੰਜਿਆਂ ਤੋਂ ਪੁਲੀਸ ਮੁਲਾਜ਼ਮ ਹਟਾ ਲਏ ਗਏ ਹਨ।
ਪੁਲਿਸ ਆਪਣਾ ਸਾਜ਼ੋ-ਸਾਮਾਨ ਵੀ ਚੁੱਕ ਕੇ ਲੈ ਗਈ। ਖਾਸ ਕਰਕੇ ਮਹਿਲ ਦੇ ਪਿੱਛੇ ਸਥਿਤ ਇਹ ਆਰਜ਼ੀ ਪੁਲਿਸ ਪੋਸਟਾਂ ਸੁੰਨੀਆਂ ਪਈਆਂ ਹਨ। ਮੂਹਰਲੇ ਖੂੰਜਿਆਂ ’ਚ ਜ਼ਰੂਰ ਹਾਲੇ ਕੁਝ ਕੁ ਮੁਲਾਜ਼ਮ ਤਾਇਨਾਤ ਹਨ। ਉਹ ਵੀ ਸ਼ਾਇਦ ਇਸ ਕਰਕੇ ਕਿਉਂਕਿ ਮਹਿਲ ਦੇ ਬਿਲਕੁਲ ਸਾਹਮਣੇ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਵੀ ਹੈ। ਉਂਜ ਮੋਤੀ ਮਹਿਲ ਦੇ ਮੁੱਖ ਗੇਟ ਅਤੇ ਅੰਦਰਲੇ ਪਾਸਿਓਂ ਵੀ ਵਧੇਰੇ ਪੁਲਿਸ ਮੁਲਾਜ਼ਮ ਹਟਾ ਲਏ ਗਏ ਹਨ। ਪਟਿਆਲਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

Share