ਪੰਜਾਬ ਸਰਕਾਰ ਦੁਆਰਾ ਜੰਗੀ ਸ਼ਹੀਦਾਂ ਦੇ ਵਾਰਸਾਂ ਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੀ ਅਦਾਇਗੀ ਲਈ ਬਜਟ ਅਲਾਟ

583
Share

ਗਲਵਾਨ ਘਾਟੀ ’ਚ ਸ਼ਹੀਦ ਹੋਏ ਸੈਨਿਕਾਂ ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਤਰਜੀਹੀ ਆਧਾਰ ’ਤੇ ਜਾਰੀ ਕਰਨ ਲਈ ਫੌਜ ਦੇ ਹੈੱਡਕੁਆਰਟਰ ਤੱਕ ਪਹੁੰਚ
ਚੰਡੀਗੜ, 22 ਅਗਸਤ (ਪੰਜਾਬ ਮੇਲ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੀ ਅਦਾਇਗੀ ਲਈ ਬਜਟ ਅਲਾਟ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਜਦੋਂ ਬਜਟ ਅਲਾਟ ਹੋ ਚੁੱਕਿਆ ਹੈ ਤਾਂ ਵਿਭਾਗ ਵੱਲੋਂ ਇੰਟੈਗਰੇਟਿਡ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਆਰਮੀ) ਨੂੰ ਲਿਖਿਆ ਗਿਆ ਹੈ ਕਿ ਗਲਵਾਨ ਘਾਟੀ ਅਤੇ ਹੋਰ ਦਹਿਸ਼ਤਗਰਦੀ ਵਿਰੋਧੀ ਆਪਰੇਸ਼ਨਾਂ ਦੇ ਸ਼ਹੀਦਾਂ ਜਿਨਾਂ ਵਿੱਚ ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਨੰ:254989ਐਫ, ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਨੰ: 2516683ਐਕਸ, ਲਾਂਸ ਨਾਇਕ ਸਲੀਮ ਖਾਨ (58 ਇੰਜੀਨੀਅਰ ਰੈਜੀਮੈਂਟ) ਨੰ:18014108ਐਕਸ, ਨਾਇਕ ਰਾਜਵਿੰਦਰ ਸਿੰਘ(24 ਪੰਜਾਬ/53 ਆਰ.ਆਰ.) ਨੰ:2503271ਐਕਸ ਅਤੇ ਸਿਪਾਹੀ ਲਖਵੀਰ ਸਿੰਘ (4 ਸਿੱਖ ਲਾਈਟ ਇਨਫੈਂਟਰੀ) ਨੰ:4493039ਐਚ ਵੀ ਸ਼ਾਮਲ ਹਨ, ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਤਰਜੀਹੀ ਆਧਾਰ ’ਤੇ ਮੁਹੱਈਆ ਕਰਵਾਏ ਜਾਣ ਤਾਂ ਜੋ ਇਨਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ ਰਕਮ ਪ੍ਰਦਾਨ ਕੀਤੀ ਜਾ ਸਕੇ।
ਧਿਆਨ ਦੇਣ ਯੋਗ ਹੈ ਕਿ ਵੱਖੋ-ਵੱਖਰੇ ਆਪਰੇਸ਼ਨਾਂ ਵਿੱਚ, ਜਿਨਾਂ ’ਚ ਅਸਲ ਕੰਟਰੋਲ ਰੇਖਾ ਵਿਖੇ ਗਲਵਾਨ ਘਾਟੀ ਵਿਖੇ ਹੋਈਆਂ ਹਾਲੀਆ ਫੌਜੀ ਝੜਪਾਂ ਦੇ ਸ਼ਹੀਦ ਵੀ ਸ਼ਾਮਲ ਹਨ, ਸ਼ਹੀਦ ਹੋਏ ਸੈਨਿਕਾਂ ਅਤੇ ਅੰਗਹੀਣ ਹੋ ਚੁੱਕੇ ਸੈਨਿਕਾਂ ਨੂੰ ਪੰਜਾਬ ਸਰਕਾਰ ਨੇ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੇਣ ਦਾ ਐਲਾਨ ਕੀਤਾ ਹੈ। ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਮਾਪਿਆਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਕਮ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਗਈ ਹੈ ਜਦੋਂਕਿ ਅੰਗਹੀਣ ਸੈਨਿਕਾਂ ਦੇ ਸਬੰਧ ਵਿੱਚ ਅੰਗਹੀਣਤਾ ਦੀ ਪ੍ਰਤੀਸ਼ਤ ਦੇ ਅਨੁਸਾਰ ਐਕਸ ਗ੍ਰੇਸ਼ੀਆ ਰਕਮ ਵਧਾ ਕੇ 20 ਲੱਖ ਕਰ ਦਿੱਤੀ ਗਈ ਹੈ।

Share