ਪੰਜਾਬ ਸਰਕਾਰ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ

242
Share

ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਸਾਰੇ ਸੰਭਾਵਿਤ ਸਰੋਤਾਂ ਤੋਂ ਖਰੀਦ ਲਈ ਵਿਸਵ ਵਿਆਪੀ ਟੈਂਡਰ ਤੈਅ ਕਰਨ ਦੀ ਸੰਭਾਵਨਾ ਤਲਾਸਣ ਲਈ ਨਿਰਦੇਸ
ਚੰਡੀਗੜ, 20 ਮਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਵਿੱਚ ਜਲਦ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਕੋਵਿਡ ਦੇ ਟੀਕਿਆਂ ਦੀ ਖਰੀਦ ਲਈ ਵਿਸਵਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਉਨਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਸਾਰੇ ਟੀਕਾ ਨਿਰਮਾਤਾਵਾਂ ਤੱਕ ਪਹੁੰਚ ਕਰੇਗੀ ਜਿਨਾਂ ਵਿਚ ਸਪੂਤਨਿਕ ਵੀ, ਫਾਈਜਰ, ਮੌਡਰਨਾ ਅਤੇ ਜਾਹਨਸਨ ਐਂਡ ਜਾਹਨਸਨ ਸਾਮਲ ਹਨ।
ਪੰਜਾਬ ਕੋਲ 35 ਲੱਖ ਸਪੂਤਨਿਕ ਵੀ ਟੀਕਿਆਂ ਲਈ ਭੰਡਾਰਣ ਦੀ ਥਾਂ ਹੈ ਜਿਸ ਲਈ ਘੱਟੋ ਘੱਟ 18 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਤੋਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ, ਜਿਨਾਂ ਵਿੱਚੋਂ ਸਿਰਫ 1 ਲੱਖ ਵਰਤੋਂ ਲਈ ਉਪਲੱਬਧ ਹਨ ਜੋ ਕਿ ਇਕ ਦਿਨ ਵਿਚ ਹੀ ਖਤਮ ਹੋ ਜਾਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਦੌਰਾਨ ਟੀਕਾ ਉਪਲੱਬਧ ਨਾ ਹੋਣ ਕਾਰਨ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਹੋਈ ਅਤੇ ਸਾਰੇ ਸਬੰਧਤ ਵਿਭਾਗਾਂ ਨੂੰ ਵੈਕਸੀਨ ਦੀ ਸਪਲਾਈ ਸਬੰਧੀ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਾ ਜਾਰੀ ਰੱਖਣ ਲਈ ਨਿਰਦੇਸ ਦਿੱਤੇ।
ਭਾਰਤ ਸਰਕਾਰ ਦੇ ਅਲਾਟਮੈਂਟ ਅਨੁਸਾਰ, ਤੀਜੇ ਪੜਾਅ (18-44 ਉਮਰ ਸਮੂਹ) ਲਈ ਸੂਬਾ ਸਰਕਾਰ ਕੱਲ ਪ੍ਰਾਪਤ ਹੋਏ 63,000 ਵੈਕਸੀਨਾਂ ਨੂੰ ਮਿਲਾ ਕੇ ਹੁਣ ਤੱਕ ਸਿਰਫ 3.6 ਲੱਖ ਟੀਕਿਆਂ ਦੀ ਖਰੀਦਦਾਰੀ ਕਰ ਸਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਵਿੱਚੋਂ ਕੁੱਲ 2.3 ਲੱਖ ਟੀਕਿਆਂ ਦੀ ਵਰਤੋਂ ਹੋ ਚੁੱਕੀ ਹੈ ਅਤੇ ਹੁਣ ਸਿਰਫ 1.3 ਲੱਖ ਟੀਕੇ ਹੀ ਉਪਲੱਬਧ ਹਨ।
ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਲਈ ਤਰਜੀਹੀ ਆਧਾਰ ‘ਤੇ ਟੀਕਾਕਰਨ ਮੁਤਾਬਕ ਤਕਰੀਬਨ 1 ਲੱਖ ਗੈਰ-ਰਜਿਸਟਰਡ ਉਸਾਰੀ ਕਾਮੇ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਰਤ ਵਿਭਾਗ ਨੂੰ ਇਨਾਂ ਕਾਮਿਆਂ ਦੀ ਰਜਿਸਟ੍ਰੇਸਨ ਤਰਜੀਹੀ ਆਧਾਰ ‘ਤੇ ਯਕੀਨੀ ਬਣਾਉਣ ਲਈ ਕਿਹਾ।
ਕੋਵਿਡ ਸਮੀਖਿਆ ਮੀਟਿੰਗ ਦੌਰਾਨ ਕੋਵਿਡ ਮਾਹਿਰ ਸਮੂਹ ਦੇ ਮੁਖੀ ਡਾ. ਕੇ ਕੇ ਤਲਵਾੜ ਨੇ ਕਿਹਾ ਕਿ ਮੌਜੂਦਾ ਟੀਕੇ ਕੋਰੋਨਾ ਦੇ ਨਵੇਂ ਵਾਇਰਸ ਵਿਰੁੱਧ ਵੀ ਅਸਰਦਾਰ ਪਾਏ ਗਏ ਹਨ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਪਿਛਲੇ ਪੰਜ ਮਹੀਨਿਆਂ ਵਿੱਚ ਕੋਵਿਡ ਕਾਰਨ 21 ਕਰਮਚਾਰੀ ਗਵਾ ਚੁੱਕੀ ਹੈ ਅਤੇ ਇਨਾਂ ਵਿੱਚੋਂ 50 ਫੀਸਦੀ ਦਾ ਪੂਰੀ ਤਰਾਂ ਟੀਕਾਕਰਨ ਨਹੀਂ ਕੀਤਾ ਗਿਆ ਸੀ।


Share