ਪੰਜਾਬ ਸਰਕਾਰ ਐਗਰੋ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਲਵੇਗੀ ਪ੍ਰਵਾਸੀ ਪੰਜਾਬੀ ਕਿਸਾਨ ਕਾਰੋਬਾਰੀਆਂ ਦਾ ਸਹਿਯੋਗ- ਮਾਨ

39
ਉੱਘੇ ਪ੍ਰਵਾਸੀ ਪਿਸਤਾ ਕਿੰਗ ਰਾਜ ਕਾਹਲੋਂ (ਖੱਬਿਓਂ ਦੂਜੇ) ਤੇ ਹੋਰ ਸਖਸ਼ੀਅਤਾਂ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨਾਲ।
Share

ਅਮਰੀਕਾ ਦੇ ਪਿਸਤਾ ਕਿੰਗ ਰਾਜ ਕਾਹਲੋਂ ਤੇ ਪੱਤਰਕਾਰ ਐੱਸ.ਅਸ਼ੋਕ. ਭੌਰਾ ਨੇ ਕੀਤੀ ਮੁੱਖ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ

ਚੰਡੀਗੜ੍ਹ, 23 ਮਈ (ਪੰਜਾਬ ਮੇਲ)-ਪੰਜਾਬ ਸਰਕਾਰ ਐਗਰੋ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਉਚੇਚੇ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਦਾ ਕਿਸਾਨ ਫਸਲੀ ਚੱਕਰ ਅਤੇ ਕਰਜ਼ੇ ਦੀ ਦਲਦਲ ਤੋਂ ਬਾਹਰ ਨਿਕਲ ਸਕੇ ਤੇ ਰੁਜ਼ਗਾਰ ਦੇ ਵਸੀਲੇ ਵਿਕਸਤ ਹੋਣ। ਇਸ ਕਾਰਜ ਵਿਚ ਪੰਜਾਬੀ ਪ੍ਰਵਾਸੀਆਂ ਵਲੋਂ ਵਿਖਾਏ ਜਾ ਰਹੇ ਉਤਸ਼ਾਹ ਦਾ ਪੰਜਾਬ ਸਰਕਾਰ ਪੂਰਾ ਸਤਿਕਾਰ ਕਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੇ ਅਮਰੀਕਾ ’ਚ ਪਿਸਤਾ ਕਿੰਗ ਕਰ ਕੇ ਜਾਣੇ ਜਾਂਦੇ ਰਾਜ ਕਾਹਲੋਂ ਅਤੇ ਪੱਤਰਕਾਰ ਐੱਸ.ਅਸ਼ੋਕ ਭੌਰਾ ਨਾਲ ਆਪਣੀ ਚੰਡੀਗੜ੍ਹ ਰਿਹਾਇਸ਼ ’ਤੇ ਕੀਤੀ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟਾਵਾ ਕੀਤਾ। ਸ੍ਰ. ਰਾਜ ਕਾਹਲੋਂ ਨੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੂੰ ਦੱਸਿਆ ਕਿ ਉਹ ਉਚੇਚਾ ਪੰਜਾਬ ਵਿਚ ਵਪਾਰ ਘੱਟ ਰੁਜ਼ਗਾਰ ਦੇ ਵਸੀਲੇ ਵੱਧ ਪੈਦਾ ਕਰ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਸੋਚ ਰੱਖਦੇ ਹਨ ਤੇ ਉਹ ਪੰਜਾਬ ਸਰਕਾਰ ਦੇ ਐਗਰੋ ਇੰਡਸਟਰੀ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿਚ ਵੀ ਭਾਈਵਾਲ ਬਣਨਗੇ। ਉਹਨਾਂ ਦੱਸਿਆ ਕਿ ਪਿਸਤੇ ਨੂੰ ਕੈਲੀਫੋਰਨੀਆਂ ਤੋਂ ਪੰਜਾਬ ਲਿਆ ਕੇ ਉਸਨੂੰ ਪ੍ਰੌਸੈਸਿੰਗ ਕਰਨ ਲਈ ਪੰਜਾਬ ਵਿਚ ਪ੍ਰੌਸੈਸਿੰਗ ਪਲਾਂਟ ਲਗਾਉਣਾ ਚਾਹੁੰਦੇ ਹਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ’ਤੇ ਰੁਜ਼ਗਾਰ ਮਿਲ ਸਕੇ। ਉਨ੍ਹਾਂ ਸ੍ਰ. ਮਾਨ ਨਾਲ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਕੈਲੀਫੋਰਨੀਆਂ ਦੇ ਸ਼ਹਿਰ ਮਰਸਿਡ ਵਿਚ ਉਨ੍ਹਾਂ ਵਲੋਂ 50 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਰਾਜ ਕਾਹਲੋਂ ਐਗਰੀਕਲਚਰ ਅਤੇ ਇੰਡਸਟਰੀਅਲ ਕੰਪਲੈਕਸ ਵਿਚ ਪੰਜਾਬ ਦੇ ਵਿਦਿਆਰਥੀਆਂ ਨੂੰ ਲਿਜਾ ਕੇ ਸਿੱਖਿਅਤ ਕਰਨ ਦੇ ਨਾਲ ਨਾਲ ਬਦਾਮ ਤੇ ਪਿਸਤੇ ਦੀ ਕਾਸ਼ਤ ਬਾਰੇ ਅਮਲੀ ਤੌਰ ’ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਪੱਤਰਕਾਰ ਐੱਸ.ਅਸ਼ੋਕ ਭੌਰਾ ਨੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਉਹ ਐੱਨ.ਆਰ.ਆਈਜ਼ ਨੂੰ ਆਪੋ ਆਪਣੇ ਪਿੰਡ ਗੋਦ ਲੈ ਕੇ ਸਕੂਲਾਂ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਤਸ਼ਾਹਿਤ ਕਰਨ। ਇਸਦੇ ਜਵਾਬ ਵਿਚ ਸ੍ਰ. ਮਾਨ ਨੇ ਕਿਹਾ ਕਿ ਇਸ ਬਾਰੇ ਬਕਾਇਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤੇ ਰਿਜ਼ਰਵ ਬੈਂਕ ਦੀਆਂ ਨੀਤੀਆਂ ਅਨੁਸਾਰ ਵਿਦੇਸ਼ਾਂ ਵਿਚੋਂ ਪੈਸਾ ਲਿਆਉਣ ਅਤੇ ਖਰਚਣ ਦੇ ਸਾਧਨ ਬਣਾਏ ਜਾਣਗੇ। ਮੁੱਖ ਮੰਤਰੀ ਸ੍ਰ. ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਇਕ ਸੱਭਿਆਚਾਰ ਨੀਤੀ ਤਿਆਰ ਕਰ ਰਹੀ ਹੈ ਤੇ ਇਸ ਵਿਚ ਕਈ ਦਹਾਕਿਆਂ ਤੋਂ ਸੰਗੀਤ ਅਤੇ ਸੱਭਿਆਚਾਰ ਦੀ ਸੇਵਾ ਕਰਨ ਰਹੇ ਐੱਸ.ਅਸ਼ੋਕ ਭੌਰਾ ਵਰਗੇ ਬੁੱਧੀਜੀਵੀ ਵਰਗ ਦੇ ਲੋਕਾਂ ਦਾ ਵੀ ਪੂਰਨ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ’ਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਵੀਰ ਸਿੰਘ, ਮਾਕਰਫੈੱਡ ਦੇ ਸੇਵਾ ਮੁਕਤ ਅਧਿਕਾਰੀ ਬਾਲ ਮੁਕੰਦ ਸ਼ਰਮਾ ਤੇ ਪਿ੍ਰੰਸੀਪਲ ਸਕੱਤਰ ਏ ਵੇਣੂਪ੍ਰਸ਼ਾਦ ਵੀ ਹਾਜ਼ਰ ਸਨ।


Share