ਪੰਜਾਬ ਸਪੀਕਰ ਵੱਲੋਂ ਸੁਖਪਾਲ ਖਹਿਰਾ ਦਾ ਅਸਤੀਫ਼ਾ ਮਨਜ਼ੂਰ

453
Share

ਚੰਡੀਗੜ੍ਹ, 20 ਅਕਤੂਬਰ (ਪੰਜਾਬ ਮੇਲ)- ‘ਆਪ’ ਦੀ ਟਿਕਟ ’ਤੇ ਚੋਣ ਲੜਕੇ ਵਿਧਾਨ ਸਭਾ ਪੁੱਜਣ ਵਾਲੇ ਸੁਖਪਾਲ ਸਿੰਘ ਖਹਿਰਾ ਦਾ ਅਸਤੀਫ਼ਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਖਹਿਰਾ ਨੇ ਇਹ ਅਸਤੀਫਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ 25 ਅਪ੍ਰੈਲ 2019 ਨੂੰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਆਖਿਆ ਸੀ ਕਿ ਕੇਜਰੀਵਾਲ ਨੇ ਪਹਿਲਾਂ 26 ਜੁਲਾਈ 2018 ਨੂੰ ਉਨ੍ਹਾਂ ਨੂੰ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਅਤੇ ਫਿਰ 3 ਨਵੰਬਰ 2018 ਨੂੰ ਉਨ੍ਹਾਂ ਨੂੰ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਗਿਆ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਮੀਡੀਆ ਤੋਂ ਹੀ ਮਿਲੀ, ਹਾਲਾਂਕਿ ਪਾਰਟੀ ਵੱਲੋਂ ਕੋਈ ਲਿਖਤੀ ਸੂਚਨਾ ਨਹੀਂ ਦਿੱਤੀ ਗਈ।
ਖਹਿਰਾ ਨੇ ਕਿਹਾ ਸੀ ਕਿ ਇਸੇ ਤਰ੍ਹਾਂ ਬਾਅਦ ’ਚ ਇਕ ਪਾਰਟੀ ਨੇਤਾ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ ਅਤੇ ਉਹ ਕਿਤੇ ਵੀ ਜਾਣ ਲਈ ਆਜ਼ਾਦ ਹਨ। ਇਸ ਤੋਂ ਬਾਅਦ ਉਨ੍ਹਾਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ, ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਅਸਤੀਫਾ ਵਾਪਸ ਵੀ ਲੈ ਲਿਆ ਸੀ। ਇਸ ਤੋਂ ਬਾਅਦ ਖਹਿਰਾ ਵਲੋਂ ਆਪਣੀ ਪੰਜਾਬ ਏਕਤਾ ਪਾਰਟੀ ਦੇ ਨਾਂ ਹੇਠ ਆਪਣੀ ਪਾਰਟੀ ਬਣਾ ਲਈ, ਇਸ ਦਰਮਿਆਨ ਖਹਿਰਾ ਵਲੋਂ ਚੋਣ ਵੀ ਲੜੀ ਗਈ ਪਰ ਉਹ ਹਾਰ ਗਏ ਸਨ। ਹੁਣ ਕੁਝ ਸਮੇਂ ਪਹਿਲਾਂ ਹੀ ਖਹਿਰਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ’ਚ ਸ਼ਾਮਲ ਕਰਵਾਇਆ ਸੀ।

Share