ਪੰਜਾਬ ਵਿਧਾਨ ਸਭਾ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਰੱਦ; ਸਰਬਸੰਮਤੀ ਨਾਲ ਮਤਾ ਪਾਸ

595
Share

-ਮੁੱਖ ਮੰਤਰੀ ਨੇ ਐੱਮ.ਐੱਸ.ਪੀ. ਤੇ ਪਾਣੀ ਨੂੰ ਪੰਜਾਬ ਦੀ ਜੀਵਨ ਰੇਖਾ ਦੱਸਿਆ;
-ਇਜਲਾਸ ਮਗਰੋਂ ਕੁਲਬੀਰ ਜ਼ੀਰਾ ਨਿਕਲੇ ਕਰੋਨਾ ਪਾਜ਼ੀਟਿਵ; ਨਿਰਮਲ ਸਿੰਘ ਸ਼ੁਤਰਾਣਾ ਵੀ ਲਾਗ ਦੀ ਲਪੇਟ ‘ਚ ਆਏ
ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦਸਦਿਆਂ ਅੱਜ ਇਕ ਮਤੇ ਰਾਹੀਂ ਸਰਬਸੰਮਤੀ ਨਾਲ ਰੱਦ ਕਰ ਦਿੱਤਾ। ਇਸ ਮਤੇ ਨੂੰ ਹੁਣ ਲੋਕ ਸਭਾ ਤੇ ਰਾਜ ਸਭਾ ਵਿੱਚ ਭੇਜਿਆ ਜਾਵੇਗਾ। ਇਕ ਰੋਜ਼ਾ ਇਜਲਾਸ ਦੌਰਾਨ ਜਿਨ੍ਹਾਂ ਕੇਂਦਰੀ ਆਰਡੀਨੈਂਸਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ), ਫਾਰਮਰਜ਼ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਨ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਸਿਜ਼ ਅਤੇ ਅਸੈਂਸ਼ੀਅਲ ਕਮੋਡਟੀਜ਼ ਅਮੈਂਡਮੈਂਟ ਆਰਡੀਨੈਂਸ ਤੇ ਇਲੈਕਟ੍ਰੀਸਿਟੀ ਸੋਧ ਬਿੱਲ 2020 ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖੇ ਮਤੇ ਵਿੱਚ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਤੇ ਘੱਟੋ ਘੱਟ ਸਮਰਥਨ ਮੁੱਲ ਪ੍ਰਬੰਧ ਦੀ ਖ਼ਿਲਾਫ਼ਤ ਦੱਸਿਆ ਗਿਆ। ਮਤੇ ਵਿੱਚ ਕਿਹਾ ਗਿਆ ਕਿ ਆਰਡੀਨੈਂਸ ਕਿਸਾਨਾਂ ਦੇ ਹੱਕਾਂ ਤੇ ਸੰਘੀ ਢਾਂਚੇ ਦੇ ਖ਼ਿਲਾਫ਼ ਹਨ। ਮਤੇ ‘ਤੇ ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਤੇ ਘੱਟੋ ਘੱਟ ਸਮਰਥਨ ਮੁੱਲ ਪੰਜਾਬ ਦੀ ਜੀਵਨ ਰੇਖਾ ਹਨ। ਐੱਮਐੱਸਪੀ ਵਾਪਸ ਲੈਣ ਨਾਲ ਦਹਿਸ਼ਤਗਰਦੀ ਦੇ ਕਾਲੇ ਦੌਰ ‘ਚੋਂ ਬਾਹਰ ਨਿਕਲੇ ਇਸ ਸੂਬੇ ਨੂੰ ਖਤਰਨਾਕ ਸਿੱਟੇ ਭੁਗਤਣੇ ਪੈ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਜਾਰੀ ਇਨ੍ਹਾਂ ਆਰਡੀਨੈਂਸਾਂ ਦਾ ਇਕੋ ਇਕ ਮੰਤਵ ਖੇਤੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਹੈ। ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸਦਨ ‘ਚੋਂ ਗੈਰਹਾਜ਼ਰ ਰਿਹਾ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਕਾਲ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਧਰ ‘ਆਪ’ ਦੇ ਬਾਗ਼ੀ ਵਿਧਾਇਕ ਕੰਵਰ ਸੰਧੂ ਨੇ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ ਆਰਡੀਨੈਂਸਾਂ ਦੀ ਥਾਂ ਇਕ ਬਿੱਲ ਲਿਆਂਦਾ ਜਾਵੇ ਤੇ ਅਸਰਅੰਦਾਜ਼ ਹੋਣ ਵਾਲੇ ਰਾਜਾਂ ਨੂੰ ਵਿਸ਼ਵਾਸ ਵਿੱਚ ਲਿਆ ਜਾਵੇ। ਊਧਰ ਭਾਜਪਾ ਵਿਧਾਇਕ ਦਿਨੇਸ਼ ਬੱਬੂ ਨੇ ਆਰਡੀਨੈਂਸਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਵਿੱਚ ਐੱਮਐੱਸਪੀ ਦੇ ਪ੍ਰਬੰਧ ਨੂੰ ਖ਼ਤਮ ਕਰਨ ਦੀ ਕੋਈ ਵਿਵਸਥਾ ਨਹੀਂ ਹੈ ਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹੈ।
ਇਸ ਦੌਰਾਨ ਅੱਜ ਇਕ ਰੋਜ਼ਾ ਇਜਲਾਸ ‘ਚ ਹਾਜ਼ਰੀ ਭਰਨ ਵਾਲੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਜ਼ੀਰਾ ਕਰੋਨਾ ਪਾਜ਼ੀਟਿਵ ਨਿਕਲ ਆਏ ਹਨ। ਇਕ ਹੋਰ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੂੰ ਵੀ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਜਲਾਸ ਲਈ ਆਏ ਸ਼ੁਤਰਾਣਾ ਨੂੰ ਅੱਜ ਬੁਖਾਰ ਸੀ। ਟੈਸਟ ਦੌਰਾਨ ਉਨ੍ਹਾਂ ਦੇ ਕਰੋਨਾ ਦੀ ਲਾਗ ਨਾਲ ਪੀੜਤ ਹੋਣ ਦਾ ਪਤਾ ਲੱਗਾ। ਉਂਜ ਵਿਧਾਇਕ ਇਜਲਾਸ ਵਿਚ ਸ਼ਾਮਲ ਨਹੀਂ ਹੋਏ।
ਪੀ.ਪੀ.ਈ. ਕਿੱਟਾਂ ਪਾ ਕੇ ਪਹੁੰਚੇ ‘ਆਪ’ ਆਗੂ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਹੋਰ ਵਿਧਾਇਕ ਅੱਜ ਇਜਲਾਸ ‘ਚ ਹਿੱਸਾ ਲੈਣ ਲਈ ਪੀ.ਪੀ.ਈ. ਕਿੱਟਾਂ ਪਾ ਕੇ ਪਹੁੰਚੇ, ਪਰ ਉਨ੍ਹਾਂ ਨੂੰ ਸਦਨ ਅੰਦਰ ਦਾਖ਼ਲ ਨਾ ਹੋਣ ਦਿੱਤਾ ਗਿਆ। ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਅਤੇ ਪੰਜਾਬ ਭਵਨ ਦੇ ਬਾਹਰ ਧਰਨਾ ਦਿੱਤਾ, ਜਿਨ੍ਹਾਂ ਦੇ ਸਮਰਥਨ ਲਈ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੀ ਪਹੁੰਚੇ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਕਰੋਨਾ ਦੀਆਂ ਨੈਗੇਟਿਵ ਰਿਪੋਰਟਾਂ ਨਾਲ ਲੈ ਕੇ ਆਏ ਸੀ, ਪਰੰਤੂ ਉਨ੍ਹਾਂ ਨੂੰ ਇਹ ਕਹਿ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਕਿ ਉਨ੍ਹਾਂ ਦਾ ਇੱਕ ਸੁਰੱਖਿਆ ਕਰਮੀ ਕਰੋਨਾ ਪਾਜ਼ੀਟਿਵ ਆਇਆ ਹੈ, ਜਦਕਿ ਮੁੱਖ ਮੰਤਰੀ ਦੇ ਖ਼ੁਦ ਇੱਕ ਦਰਜਨ ਤੋਂ ਵੱਧ ਗੰਨਮੈਨ ਕਰੋਨਾ ਪਾਜ਼ੀਟਿਵ ਨਿਕਲੇ ਸਨ। ਸ਼੍ਰੀ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਦਨ ‘ਚੋਂ ਗੈਰਹਾਜ਼ਰੀ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਖੇਤੀ ਵਿਰੋਧੀ ਆਰਡੀਨੈਂਸ, ਕੇਂਦਰੀ ਬਿਜਲੀ ਸੋਧ ਬਿੱਲ, ਪੰਜਾਬ ਦੇ ਪਾਣੀਆਂ ਅਤੇ ਐੱਸ.ਵਾਈ.ਐੱਲ. ਵਰਗੇ ਅਹਿਮ ਮੁੱਦੇ ਸਨ, ਜਿਨ੍ਹਾਂ ‘ਤੇ ਚਰਚਾ ਲਈ ਸਦਨ ‘ਚ ਉਨ੍ਹਾਂ ਦੀ ਮੌਜੂਦਗੀ ਬੇਹੱਦ ਜ਼ਰੂਰੀ ਸੀ, ਪਰ ਬਾਦਲਾਂ ਅਤੇ ਭਾਜਪਾ ਦਾ ਦੋਗਲਾ ਸਟੈਂਡ ਸਭ ਦੇ ਸਾਹਮਣੇ ਆ ਗਿਆ ਹੈ। ‘ਆਪ’ ਆਗੂਆਂ ਨੇ ਕੇਂਦਰ ਦੀ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ‘ਚ ਹੋਏ ਕਥਿਤ ਘੁਟਾਲੇ ‘ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਭੂਮਿਕਾ ‘ਤੇ ਵੀ ਸਵਾਲ ਉਠਾਏ। ਇਸ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ।


Share