ਪੰਜਾਬ ਵਿਧਾਨ ਸਭਾ ’ਚ ਪੁਲਿਸ ਨੇ ਅਕਾਲੀ ਵਿਧਾਇਕ ਚੁੱਕ ਕੇ ਕੱਢੇ ਬਾਹਰ

391
Share

ਚੰਡੀਗੜ੍ਹ, 5 ਮਾਰਚ (ਪੰਜਾਬ ਮੇਲ)- ਅੱਜ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ’ਚ ਉਸ ਵੇਲੇ ਇੱਕ ਵੱਡਾ ਡਰਾਮਾ ਵੇਖਿਆ ਗਿਆਜਦੋਂ ਸਪੀਕਰ ਰਾਣਾ ਕੇਪੀ ਸਿੰਘ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਮੁਲਤਵੀ ਕਰ ਦਿੱਤਾ ਤੇ ਬਾਕੀ ਰਹਿੰਦੇ ਬਜਟ ਸੈਸ਼ਨ ਲਈ ਸਦਨ ’ਚੋਂ ਬਾਹਰ ਰਹਿਣ ਦਾ ਹੁਕਮ ਸੁਣਾ ਦਿੱਤਾ। ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਅਕਾਲੀ ਵਿਧਾਇਕ ਬਾਹਰ ਜਾਣ ਲਈ ਸਹਿਮਤ ਹੀ ਨਾ ਹੋਏ ਤੇ ਉਹ ਸਦਨ ਦੇ ਐਨ ਵਿਚਕਾਰ ਜਾ ਕੇ ਬੈਠ ਗਏ ਤੇ ਉੱਥੇ ਧਰਨਾ ਦੇ ਦਿੱਤਾ।

ਫਿਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਜਾਣ ਲਈ ਕਿਹਾ ਪਰ ਅਕਾਲੀ ਵਿਧਾਇਕ ਉੱਥੋਂ ਹਿੱਲਣ ਨੂੰ ਤਿਆਰ ਹੀ ਨਹੀਂ ਸਨ ਤੇ ਉਨ੍ਹਾਂ ਨਾਅਰੇਬਾਜ਼ੀ ਜਾਰੀ ਰੱਖੀ। ਤਦ ਪੁਲਿਸ ਨੂੰ ਉਨ੍ਹਾਂ ਨੂੰ ਉੱਥੋਂ ਚੁੱਕ ਕੇ ਸਦਨ ’ਚੋਂ ਬਾਹਰ ਕਰਨਾ ਪਿਆ। ਵਿਧਾਇਕ ਪਵਨ ਕੁਮਾਰ ਟੀਨੂੰ ਨੇ ਜਦੋਂ ਦੁਬਾਰਾ ਸਦਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀਤਾਂ ਪੁਲਿਸ ਨੇ ਉਨ੍ਹਾਂ ਨੂੰ ਧੱਕੇ ਦੇ ਕੇ ਪਰ੍ਹਾਂ ਕਰਨਾ ਪਿਆ। ਇਸ ਤੋਂ ਪਹਿਲਾਂ ਭੁਲੱਥ ਹਲਕੇ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਨੇ ਸਿੰਘੂ ਬਾਰਡਰ ’ਤੇ ਇੱਕ ਕਿਸਾਨ ਮੁਜ਼ਾਹਰਾਕਾਰੀ ਰਣਜੀਤ ਸਿੰਘ ਵਿਰੁੱਧ ਪੁਲਿਸ ਵੱਲੋਂ ਢਾਹੇ ਕਥਿਤ ਤਸ਼ੱਦਦ ਦਾ ਮੁੱਦਾ ਚੁੱਕਿਆ। ਖਹਿਰਾ ਨੇ ਦੋਸ਼ ਲਾਇਆ ਕਿ ਇਸ ਕਿਸਾਨ ਨੂੰ ਆਰਐਸਐਸ ਤੇ ਭਾਜਪਾ ਕਾਰਕੁਨਾਂ ਦੀ ਮਦਦ ਨਾਲ ਕਿਸਾਨਾਂ ਦੇ ਕੈਂਪ ’ਚੋਂ ਚੁੱਕ ਕੇ ਆਪਣੀ ਹਿਰਾਸਤ ਵਿੱਚ ਲਿਆ ਗਿਆ।

ਇਸੇ ਦੌਰਾਨ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਦੇ ਭਾਸ਼ਣ ਦਾ ਜਵਾਬ ਦੇਣਾ ਸ਼ੁਰੂ ਕੀਤਾਤਾਂ ਅਕਾਲੀ ਵਿਧਾਇਕਾਂ ਨੇ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰਦਿਆਂ ਵਾਕਆਊਟ ਕਰ ਦਿੱਤਾ। ਬਾਅਦ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਉਨ੍ਹਾਂ ਨਾਲ ਸ਼ਾਮਲ ਹੋ ਗਏ। ਫਿਰ ਸਾਰੇ ਵਿਧਾਇਕ ਸਦਨ ਦੇ ਐਨ ਵਿਚਕਾਰ ਆ ਗਏ ਤੇ ਸਦਨ ਨੂੰ 15 ਮਿੰਟਾਂ ਲਈ ਮੁਲਤਵੀ ਕਰਨਾ ਪਿਆ।


Share