ਪੰਜਾਬ ਵਿਧਾਨ ਸਭਾ ਚੋਣਾਂ: 2268 ਗਸ਼ਤ ਟੀਮਾਂ,740 ਸਟੈਟਿਕ ਨਿਗਰਾਨ ਟੀਮਾਂ,792 ਉਡਣ ਦਸਤਿਆਂ, 351 ਵੀਡੀਓ ਨਿਗਰਾਨ ਟੀਮਾਂ ਵਲੋਂ ਨਸ਼ਾ-ਰਹਿਤ ਅਤੇ ਲਾਲਚ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਰੱਖੀ ਜਾਰੀ ਹੈ ਤਿੱਖੀ ਨਜ਼ਰ

215
Share

ਚੋਣ ਜਾਬਤਾ ਲੱਗਣ ਪਿੱਛੋਂ 6.6 ਲੱਖ ਲੀਟਰ ਤੋਂ ਵੱਧ ਸ਼ਰਾਬ, 44.49 ਕਰੋੜ ਰੁਪਏ ਦੇ ਨਸ਼ੇ ਅਤੇ 1.74 ਕਰੋੜ ਦੀ ਨਕਦੀ ਬਰਾਮਦ

ਚੰਡੀਗੜ,  19 ਜਨਵਰੀ (ਪੰਜਾਬ ਮੇਲ)- ਸੂਬੇ ਵਿੱਚ ਨਸ਼ਾ- ਮੁਕਤ, ਲਾਲਚ-ਰਹਿਤ ਅਤੇ ਸ਼ਾਂਤੀਮਈ ਢੰਗ ਨਾਲ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਏਜੰਸੀਆਂ ਵਲੋਂ 1.74 ਕਰੋੜ ਰੁਪਏ ਦੀ ਨਕਦੀ, 27960.292 ਲੀਟਰ ਸ਼ਰਾਬ, 6476.61 ਲੀਟਰ ਨਾਜਾਇਜ਼ ਸ਼ਰਾਬ , 235069 ਲੀਟਰ ਲਾਹਣ ,1088.01 ਕਿਲੋ ਭੁੱਕੀ, 11.03 ਕਿਲੋ ਅਫੀਮ, 3370.82 ਗ੍ਰਾਮ ਹੈਰੋਇਨ, 123.507 ਗ੍ਰਾਮ ਸਮੈਕ, 2940 ਕੈਪਸੂਲ, 90 ਸ਼ੀਸ਼ੀਆਂ ,92079 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਉਨਾਂ ਕਿਹਾ ਕਿ ਸੁਰੱਖਿਆ ਦੇ ਪੱਖ ਤੋਂ ਸੂਬੇ ਵਿੱਚ ਨਸ਼ਿਆਂ ਸਮੇਤ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖਣ ਲਈ 2268 ਰੂਟ/ਜੋਨ ਪੈਟਰੋਲਿੰਗ ਟੀਮਾਂ, 740 ਸਟੈਟਿਕ ਸਰਵੀਲੈਂਸ ਟੀਮਾਂ, 792 ਉਡਣ ਦਸਤੇ ਅਤੇ 351 ਵੀਡੀਓ ਸਰਵੀਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਉਨਾਂ ਦੱਸਿਆ ਕਿ ਕੇਂਦਰੀ ਢੁਕਵੀਂ ਗਿਣਤੀ ਵਿਚ ਪੈਰਾ ਮਿਲਟਰੀ ਫੋਰਸਿਸ: ਜਿਨਾਂ ਵਿੱਚ  ਸੀ.ਆਰ.ਪੀ.ਐਫ., ਬੀ.ਐਸ.ਐਫ., ਸੀ.ਆਈ.ਐਸ.ਐਫ., ਆਈ.ਟੀ.ਬੀ.ਪੀ ਅਤੇ ਐਸ.ਐਸ.ਬੀ. ਸ਼ਾਮਲ ਹਨ, ਦੇ ਜਵਾਨਾਂ ਵਲੋਂ ਪਹਿਲਾਂ ਹੀ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਖੇਤਰਾਂ ਅਤੇ ਵੱਡੇ ਲੁਧਿਆਣਾ, ਅੰਮਿ੍ਰਤਸਰ ਅਤੇ ਜਲੰਧਰ ਵਰਗੇ ਵੱਡੇ ਸ਼ਹਿਰਾਂ ਵਿੱਚ ਸੁਰੱਖਿਆ ਅਭਿਆਸ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ  ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਤਿੱਖੀ ਨਜ਼ਰ ਰੱਖਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੇ 28 ਅਧਿਕਾਰੀ, ਹਰੇਕ ਜ਼ਿਲੇ ਸਮੇਤ ਪੁਲਿਸ ਜ਼ਿਲੇ ਵਿੱਚ ਇੱਕ-ਇੱਕ ਅਧਿਕਾਰੀ ਵੀ ਤਾਇਨਾਤ ਕੀਤਾ ਗਿਆ ਹੈ।
ਡਾ: ਰਾਜੂ ਨੇ ਕਿਹਾ ਕਿ ਪੰਜਾਬ ਪੁਲਿਸ ਇਨਾਂ ਕਰਮਚਾਰੀਆਂ ਦੇ ਨਾਲ ਮਿਲਕੇ ਨਿਰਪੱਖ, ਸੁਰੱਖਿਅਤ ਅਤੇ ਲਾਲਚ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

Share