– ਪੰਜਾਬ ਵਿਧਾਨ ਸਭਾ ਚੋਣਾਂ 2022: ਆਦਰਸ ਚੋਣ ਜਾਬਤਾ ਲਾਗੂ ਹੋਣ ਉਪਰੰਤ ਸੂਬੇ ’ਚੋਂ 316.66 ਕਰੋੜ ਰੁਪਏ ਦੀਆਂ ਵਸਤਾਂ ਜਬਤ: ਮੁੱਖ ਚੋਣ ਅਧਿਕਾਰੀ ਪੰਜਾਬ

221
Share

ਚੰਡੀਗੜ, 3 ਫਰਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸੂਬੇ ਵਿੱਚ ਆਦਰਸ ਚੋਣ ਜਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ਵਿੱਚੋਂ 2 ਫਰਵਰੀ, 2022 ਤੱਕ ਜਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ 316.66  ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜਬਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਨਿਗਰਾਨ ਟੀਮਾਂ ਨੇ 16 ਕਰੋੜ ਰੁਪਏ ਦੀ 29.63 ਲੱਖ ਲੀਟਰ ਸਰਾਬ ਜਬਤ ਕੀਤੀ ਹੈ। ਇਸੇ ਤਰਾਂ ਇਨਫੋਰਸਮੈਂਟ ਵਿੰਗਾਂ ਵੱਲੋਂ 278.58 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਇਲਾਵਾ 20.47 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜਬਤ ਕੀਤੀ ਗਈ ਹੈ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1215 ਵੱਧ ਸੰਵੇਦਨਸੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 2956 ਵਿਅਕਤੀਆਂ ਦੀ ਸਨਾਖਤ ਵੀ ਕੀਤੀ ਗਈ ਹੈ, ਜਿਨਾਂ ਵਿੱਚੋਂ 2219 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 1097 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸਾਰੇ ਹੀ 2793 ਗੈਰ ਜਮਾਨਤੀ ਵਾਰੰਟਾਂ ਦੇ ਕੇਸਾਂ ‘ਤੇ ਕਾਰਵਾਈ  ਕੀਤੀ ਜਾ ਚੁੱਕੀ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਭਰ ਵਿੱਚ 17220 ਨਾਕੇ ਲਾਏ ਗਏ ਹਨ।

ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਕੁੱਲ 3,90,275 ਲਾਇਸੈਂਸੀ ਹਥਿਆਰਾਂ ਵਿੱਚੋਂ ਹੁਣ ਤੱਕ 3,76,925 ਹਥਿਆਰ ਜਮਾਂ ਕਰਵਾਏ ਜਾ ਚੁੱਕੇ ਹਨ ਜਦਕਿ, ਸੂਬੇ ਵਿੱਚ 76 ਬਿਨਾਂ ਲਾਇਸੈਂਸ ਵਾਲੇ ਹਥਿਆਰ ਜਬਤ ਕੀਤੇ ਗਏ ਹਨ।


Share