ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨਹੀਂ ਕਰੇਗੀ ਮੁੱਖ ਮੰਤਰੀ ਚਿਹਰੇ ਦਾ ਐਲਾਨ!

163
Share

ਚੰਡੀਗੜ੍ਹ, 27 ਦਸੰਬਰ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਕਿਸੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕਰੇਗੀ। ਕਾਂਗਰਸ ਨੇ ਪਿਛਲੀ ਵਿਧਾਨ ਸਭਾ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀ ਸੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗਠਨ ਕਰਕੇ ਕਾਂਗਰਸ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ।
ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਪਾਰਟੀ ਨੇ ਇੱਕ ਪਰਿਵਾਰ ਤੋਂ ਇੱਕ ਹੀ ਵਿਅਕਤੀ ਨੂੰ ਟਿਕਟ ਦੇਣ ਦਾ ਫੈਸਲ ਕੀਤਾ ਹੈ। ਬੀਤੇ ਦਿਨੀਂ ਪੰਜਾਬ ਦੇ ਸਾਂਸਦਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪੰਜਾਬ ਵਿਚ ਪਾਰਟੀ ਦੀ ਤਿਆਰੀਆਂ ਨੂੰ ਲੈ ਕੇ ਵੀ ਚਰਚਾ ਹੋਈ। ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਬੈਠਕ ਵਿਚ ਇੱਕ ਪਰਿਵਾਰ ਤੋਂ ਇੱਕ ਵਿਅਕਤੀ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਗਿਆ। ਬੈਠਕ ਦੌਰਾਨ ਪੰਜਾਬ ਦੀ 117 ਵਿਧਾਨ ਸਭਾ ਸੀਟਾਂ ਤੋਂ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ’ਤੇ ਵਿਚਾਰ ਹੋਇਆ ਅਤੇ ਰਣਨੀਤੀ ਬਣਾਈ। ਇਹ ਜਾਣਕਾਰੀ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਦਿੱਤੀ।
ਕਾਂਗਰਸ ਤੋਂ ਇਲਾਵਾ ਪੰਜਾਬ ’ਚ ਅਜੇ ਤੱਕ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਸੀ.ਐੱਮ. ਚਿਹਰਾ ਐਲਾਨ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਇਸ ਤੋਂ ਪਹਿਲਾਂ ਕਹਿ ਚੁੱਕੇ ਹਨ ਕਿ ਸਾਰੇ ਦਲਾਂ ਦੇ ਐਲਾਨ ਕਰਦੇ ਹੀ ਉਹ ਵੀ ਆਪਣੇ ਸੀ.ਐੱਮ. ਚਿਹਰੇ ਦਾ ਐਲਾਨ ਕਰ ਦੇਣਗੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ’ਚ ਅਨੁਸੂਚਿਤ ਜਾਤੀ ਦੇ ਚਿਹਰੇ ਨੂੰ ਸੀ.ਐੱਮ. ਬਣਾਉਣ ਦਾ ਐਲਾਨ ਕੀਤਾ ਹੈ। ਲੇਕਿਨ ਇਹ ਚਿਹਰਾ ਕੌਣ ਹੋਵੇਗਾ, ਇਸ ਦਾ ਖੁਲਾਸਾ ਨਹੀਂ ਕੀਤਾ। ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਸਾਫ ਕਰ ਚੁੱਕੇ ਹਨ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਸੀ.ਐੱਮ. ਚਿਹਰਾ ਨਹੀਂ ਹਨ।

Share