ਪੰਜਾਬ ਵਿਚ ਕੋਰੋਨਾ ਵਾਇਰਸ ਦੀ ਪੁੱਠੀ ਗਿਣਤੀ ਸ਼ੁਰੂ

701
Share

ਤੇਜ਼ੀ ਨਾਲ ਠੀਕ ਹੋ ਰਹੇ ਮਰੀਜ਼, ਕੋਰੋਨਾ ਮੁਕਤ ਹੋਇਆ ਫਿਰੋਜ਼ਪੁਰ  

ਸੰਗਰੂਰ , 16 ਮਈ (ਪੰਜਾਬ ਮੇਲ)- ਬੀਤੇ ਦਿਨੀਂ ਕੋਵਿਡ ਕੇਅਰ ਸੈਂਟਰਾਂ ਤੋਂ ਜ਼ਿਲ੍ਹੇ ਦੇ 51 ਨਾਗਰਿਕਾਂ ਦੇ ਤੰਦਰੁਸਤ ਹੋ ਕੇ ਘਰਾਂ ‘ਚ ਪਰਤਣ ਤੋਂ ਬਾਅਦ ਅੱਜ ਸੰਗਰੂਰ ਵਾਸੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ। ਇੱਥੇ ਇੱਕ ਟੀ. ਬੀ. ਪੀੜਤ ਮਰੀਜ਼ ਨੂੰ ਛੱਡ ਕੇ ਸਾਰੇ ਨਾਗਰਿਕ ਤੰਦਰੁਸਤ ਹੋਣ ਮਗਰੋਂ ਘਰਾਂ ਨੂੰ ਚਲੇ ਗਏ ਹਨ। ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇੱਥੇ ਕੋਵਿਡ ਯੋਧਿਆਂ ਨੇ ਦਿਨ-ਰਾਤ ਕੋਸ਼ਿਸ਼ ਅਤੇ ਮਿਹਨਤ ਕੀਤੀ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਸਦਕਾ ਹੀ ਇਹ ਮਰੀਜ਼ ਇਸ ਨਾਮੁਰਾਦ ਬੀਮਾਰੀ ਤੋਂ ਮੁਕਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਸੰਗਰੂਰ ਤੋਂ 34 ਹੋਰ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 91 ਮਰੀਜ਼ਾਂ ‘ਚੋਂ 56 ਮਰੀਜ਼ ਪਹਿਲਾਂ ਠੀਕ ਹੋ ਗਏ ਸਨ। ਅੱਜ ਠੀਕ ਹੋਏ ਮਰੀਜ਼ਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਸਰਕਾਰੀ ਦਿਸ਼ਾਂ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਗੇ। ਇਸ ਤੋਂ ਇਲਾਵਾ ਵੀ ਅੱਜ ਕਈ ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ।

ਜਲੰਧਰ ‘ਚੋਂ ਜਿੱਥੇ ਅੱਜ ਤਿੰਨ ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਥੇ ਹੀ ਰਾਹਤ ਭਰੀ ਖਬਰ ਵੀ ਮਿਲੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕੁੱਲ 23 ਮਰੀਜ਼ਾਂ ਨੂੰ ਕੋਰੋਨਾ ਦੇ ਲੱਛਣ ਨਜ਼ਰ ਨਾ ਆਉਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਸਰਹੱਦੀ ਜ਼ਿਲਾ ਤਰਨ ਤਾਰਨ ਅੰਦਰ ਕੋਰੋਨਾ ਮੁਕਤ ਹੋਏ ਕੁੱਲ 57 ਵਿਅਕਤੀਆਂ ਨੂੰ ਘਰਾਂ ਅੰਦਰ ਇਕਾਂਤਵਾਸ ਰਹਿਣ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਚ 6 ਮਹੀਨੇ ਦੀ ਬੱਚੀ ਤੋਂ ਲੈ ਕੇ 100 ਸਾਲ ਦਾ ਬਜ਼ੁਰਗ ਸ਼ਾਮਲ ਹੈ।

ਪੰਜਾਬ ਵਿਚ ਇਕ ਵਾਰ ਕਹਿਰ ਵਰ੍ਹਾਉਣ ਤੋਂ ਬਾਅਦ ਹੁਣ ਸੂਬੇ ਵਿਚ ਕੋਰੋਨਾ ਵਾਇਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਵੱਡੀ ਗਿਣਤੀ ਵਿਚ ਲਗਾਤਾਰ ਠੀਕ ਹੋ ਕੇ ਘਰਾਂ ਨੂੰ ਪਰਤ ਰਹੇ ਹਨ। ਇਸੇ ਦਰਮਿਆਨ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਟ ਕੁਲ 59 ਕੋਰੋਨਾ ਮਰੀਜ਼ਾਂ ਵਿਚੋਂ 36 ਨੂੰ ਸ਼ਨੀਵਾਰ ਨੂੰ ਛੁੱਟੀ ਦੇ ਦਿੱਤੀ ਗਈ।

ਕੋਰੋਨਾ ਵਾਇਰਸ ਦੀ ਆਫਤ ਦਰਮਿਆਨ ਫਿਰੋਜ਼ਪੁਰ ਤੋਂ ਇਕ ਰਾਹਤ ਦੇਣ ਵਾਲੀ ਖਬਰ ਆਈ ਹੈ। ਫਿਰੋਜ਼ਪੁਰ ਵਿਚ ਆਖਰੀ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਕੋਰੋਨਾ ਮੁਕਤ ਹੋ ਗਿਆ ਹੈ।


Share