ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਜਲਦ

38
Share

– ਫਿਲਹਾਲ ਪੰਜਾਬ ਮੰਤਰੀ ਮੰਡਲ ‘ਚ ਨੇ 10 ਮੰਤਰੀ
– ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਨਵੇਂ ਪਾਰਟੀ ਪ੍ਰਧਾਨ ਦਾ ਵੀ ਹੋ ਸਕਦੈ ਐਲਾਨ
ਚੰਡੀਗੜ੍ਹ, 18 ਮਈ (ਪੰਜਾਬ ਮੇਲ)- ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਜਲਦ ਹੋ ਸਕਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਰਟੀ ਹਾਈਕਮਾਨ ਬਜਟ ਸੈਸ਼ਨ ਤੋਂ ਬਾਅਦ ਕੁੱਝ ਹੋਰ ਚਿਹਰਿਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਸਕਦੀ ਹੈ। ਹੁਣ ਤੱਕ ਪੰਜਾਬ ਸਰਕਾਰ ਵਿਚ 10 ਮੰਤਰੀ ਹਨ। ਕਾਨੂੰਨੀ ਤੌਰ ‘ਤੇ ਇਸ ਵਿਚ 7 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਵਾਰ ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ, ਕੁੰਵਰ ਵਿਜੈ ਪ੍ਰਤਾਪ, ਬਲਜਿੰਦਰ ਕੌਰ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਅਮਨ ਅਰੋੜਾ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ, ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 75 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ। ਕੁੰਵਰ ਵਿਜੈ ਪ੍ਰਤਾਪ ਨੇ ਬੇਅਦਬੀ ਮਾਮਲੇ ਵਿਚ ਘੋਖ ਕੀਤੀ ਸੀ। ਪਰ ਉਨ੍ਹਾਂ ਵੱਲੋਂ ਤਿਆਰ ਕੀਤੀ ਰਿਪੋਰਟ ‘ਤੇ ਇਨਸਾਫ ਨਾ ਮਿਲਣ ਕਾਰਨ ਕੈਪਟਨ ਸਰਕਾਰ ਵੇਲੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਵਕਤ ਉਹ ਡੀ.ਆਈ.ਜੀ. ਦੇ ਅਹੁਦੇ ‘ਤੇ ਤਾਇਨਾਤ ਸਨ।
ਤਲਵੰਡੀ ਸਾਬੋ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਬਲਜਿੰਦਰ ਕੌਰ ਸਮੇਤ ਲੁਧਿਆਣਾ ਸ਼ਹਿਰੀ ਤੋਂ ਵੀ ਜਿੱਤੇ ਕਿਸੇ ਵਿਧਾਇਕ ਨੂੰ ਮੰਤਰੀ ਮੰਡਲ ‘ਚ ਲਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਨਵੇਂ ਪਾਰਟੀ ਪ੍ਰਧਾਨ ਦਾ ਐਲਾਨ ਵੀ ਕਰ ਸਕਦੀ ਹੈ। ਕਿਉਂਕਿ ਮੌਜੂਦਾ ਪ੍ਰਧਾਨ ਭਗਵੰਤ ਮਾਨ, ਹੁਣ ਪੰਜਾਬ ਦੇ ਮੁੱਖ ਮੰਤਰੀ ਹਨ। ਇਸ ਲਈ ਪ੍ਰਧਾਨ ਦਾ ਅਹੁਦਾ ਵੀ ਖਾਲੀ ਪਿਆ ਹੈ।
ਆਉਣ ਵਾਲੀਆਂ ਰਾਜ ਸਭਾ ਦੀਆਂ 2 ਸੀਟਾਂ ਬਾਰੇ ਆਮ ਆਦਮੀ ਪਾਰਟੀ ਕਿਹੜੇ ਉਮੀਦਵਾਰ ਲੈ ਕੇ ਆਉਂਦੀ ਹੈ, ਉਸ ਬਾਰੇ ਵੀ ਸਥਿਤੀ ਜਲਦ ਹੀ ਸਪੱਸ਼ਟ ਹੋ ਜਾਵੇਗੀ।


Share