ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ‘ਚ 36 ‘ਚੋਂ 18 ਸਿੱਖ ਚਿਹਰੇ

42

ਸੰਗਰੂਰ, 7 ਦਸੰਬਰ (ਪੰਜਾਬ ਮੇਲ)- ਲੋਕ ਸਭਾ ਚੋਣਾਂ ‘ਚ ਸਵਾ ਕੁ ਸਾਲ ਦੇ ਸਮੇਂ ਨੂੰ ਵੇਖਦਿਆਂ ਭਾਰਤੀ ਜਨਤਾ ਪਾਰਟੀ ਇਸ ਵਾਰ ਪੰਜਾਬ ਵਿਚ ਜਿੱਥੇ ਅਕਾਲੀ ਦਲ ਨਾਲ ਗੱਠਜੋੜ ਤੋਂ ਬਗੈਰ ਚੋਣ ਲੜਨ ਦਾ ਵਾਰ-ਵਾਰ ਐਲਾਨ ਕਰ ਰਹੀ ਹੈ, ਉੱਥੇ ਪੇਂਡੂ ਵੋਟਰਾਂ ਤੱਕ ਪਹੁੰਚ ਬਨਾਉਣ ਲਈ ਸਿੱਖ ਚਿਹਰੇ ਤੇਜ਼ੀ ਨਾਲ ਅੱਗੇ ਲਿਆਂਦੇ ਜਾ ਰਹੇ ਹਨ। ਪਾਰਟੀ ਦੇ ਪੰਜਾਬ ਜਥੇਬੰਦਕ ਢਾਂਚੇ ‘ਚ ਨਿਯੁਕਤ ਕੀਤੇ ਪ੍ਰਧਾਨ ਸਮੇਤ 36 ਅਹੁਦੇਦਾਰਾਂ ਵਿਚੋਂ 18 ਸਿੱਖ ਚਿਹਰੇ ਲਏ ਗਏ ਹਨ। 11 ਮੀਤ ਪ੍ਰਧਾਨਾਂ ‘ਚੋਂ 7, 5 ਜਨਰਲ ਸਕੱਤਰਾਂ ਵਿਚੋਂ 2, 11 ਸਕੱਤਰਾਂ ‘ਚੋਂ 6, 2 ਵਿੱਤ ਸਕੱਤਰਾਂ ‘ਚੋਂ 1, ਮੀਡੀਆ ਟੀਮ ਦੇ 4 ‘ਚੋਂ 2 ਸਿੱਖ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਸੇ ਤਰ੍ਹਾਂ ਪਾਰਟੀ ਨਾਲ ਸੰਬੰਧਤ ਆਈ.ਟੀ. ਵਿੰਗ ਦਾ ਕੰਵਰਇੰਦਰਜੀਤ ਸਿੰਘ, ਯੁਵਾ ਮੋਰਚੇ ਦਾ ਕੰਵਰਵੀਰ ਸਿੰਘ ਟੋਹੜਾ, ਕਿਸਾਨ ਮੋਰਚੇ ਦਾ ਦਰਸ਼ਨ ਸਿੰਘ ਨੈਨੇਵਾਲ, ਓ.ਬੀ.ਸੀ. ਮੋਰਚੇ ਦਾ ਰਵਿੰਦਰ ਬਿੱਟਾ ਨੂੰ ਇੰਚਾਰਜ ਬਣਾਇਆ ਗਿਆ ਹੈ। ਪਾਰਟੀ ਦੇ 12 ਮੁੱਖ ਬੁਲਾਰੇ ਜਾਂ ਬੁਲਾਰੇ ਬਣਾਏ ਗਏ ਹਨ, ਜਿਨ੍ਹਾਂ ‘ਚ ਕਨਰਲ ਜੈਬੰਸ ਸਿੰਘ, ਐੱਸ.ਐੱਸ. ਚੰਨੀ, ਇਕਬਾਲ ਸਿੰਘ ਚੰਨੀ, ਗੁਰਦੀਪ ਸਿੰਘ ਗੋਸ਼ਾ ਅਤੇ ਕੰਵਰਨਰਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਲਵਾ ਖੇਤਰ ਦੇ ਪੇਂਡੂ ਵੋਟਰਾਂ ਤੱਕ ਕੈਪਟਨ ਅਮਰਿੰਦਰ ਸਿੰਘ, ਕੇਵਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸ੍ਰੀਮਤੀ ਸੁਖਵਿੰਦਰ ਕੌਰ ਨੌਲੱਖਾ ਦਾ ਚੰਗਾ ਪ੍ਰਭਾਵ ਹੋਣ ਕਾਰਨ ਪਾਰਟੀ ਪਿੰਡਾਂ ‘ਚ ਵੜਨ ਜੋਗੀ ਹੋ ਸਕੇਗੀ। ਪਾਰਟੀ ਦੇ ਸੂਬਾ ਕੁਆਰਡੀਨੇਟਰ ਸ਼੍ਰੀ ਜਤਿੰਦਰ ਕਾਲੜਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਪਾਰਟੀ ਨੇ ਪੰਜਾਬ ‘ਚ 2027 ਦੀਆਂ ਚੋਣਾਂ ਦੌਰਾਨ ਆਪਣੇ ਤੌਰ ‘ਤੇ ਸਰਕਾਰ ਬਣਾਉਣ ਦਾ ਫੈਸਲਾ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਆਮ ਕਰਕੇ ਭਾਜਪਾ ਨੂੰ ਸ਼ਹਿਰੀ ਪਾਰਟੀ ਸਮਝਿਆ ਜਾਂਦਾ ਸੀ ਪਰ ਹੁਣ ਪੇਂਡੂ ਖੇਤਰਾਂ ‘ਚ ਪਾਰਟੀ ਆਪਣਾ ਜਨ ਆਧਾਰ ਤੇਜ਼ੀ ਨਾਲ ਸਥਾਪਿਤ ਕਰ ਰਹੀ ਹੈ।