ਪੰਜਾਬ ਬਿਜਲੀ ਸੰਕਟ: ਗੋਇੰਦਵਾਲ ਸਾਹਿਬ ਥਰਮਲ ਹੋਇਆ ਬੰਦ

332
Share

-ਰੋਪੜ ਤੇ ਲਹਿਰਾ ਮੁਹੱਬਤ ਥਰਮਲ ਮੁੜ ਕੀਤੇ ਚਾਲੂ
ਪਟਿਆਲਾ, 3 ਨਵੰਬਰ (ਪੰਜਾਬ ਮੇਲ)- ਪੰਜਾਬ ‘ਚ ਪ੍ਰਾਈਵੇਟ ਖੇਤਰ ਦਾ ਅਖੀਰਲੇ ਗੋਇੰਦਵਾਲ ਸਾਹਿਬ ਥਰਮਲ ਵੀ ਅੱਜ ਬੰਦ ਹੋ ਗਿਆ ਹੈ ਤੇ ਇਸ ਮਗਰੋਂ ਪਾਵਰਕੌਮ ਨੇ ਬਿਜਲੀ ਸੰਕਟ ਦੇ ਮੱਦੇਨਜ਼ਰ ਰੋਪੜ ਤੇ ਲਹਿਰਾ ਮੁਹੱਬਤ ਸਥਿਤ ਸਰਕਾਰੀ ਥਰਮਲ ਪਲਾਂਟਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਪਰ ਇਨ੍ਹਾਂ ਥਰਮਲਾਂ ਕੋਲ ਵੀ ਕੁੱਝ ਦਿਨਾਂ ਦਾ ਕੋਲਾ ਹੈ। ਸੂਬੇ ‘ਚ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਥਰਮਲ ਕੋਲੇ ਦੇ ਵੱਡੇ ਸੰਕਟ ‘ਚ ਹਨ। ਇਸ ਕਾਰਨ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲਾਂ ਨੂੰ ਕੋਲੇ ਦੀ ਤੋਟ ਕਾਰਨ ਪਹਿਲਾਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਤੇ ਅੱਜ ਦੁਪਹਿਰ ਬਾਅਦ ਤਿੰਨ ਵਜੇ ਗੋਇੰਦਵਾਲ ਸਾਹਿਬ ਥਰਮਲ ਦਾ ਆਖਰੀ ਯੂਨਿਟ ਵੀ ਬੰਦ ਕਰ ਦਿੱਤਾ ਗਿਆ। ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਅੰਦਰ ਬਿਜਲੀ ਸਪਲਾਈ ਲਈ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਦੇ ਇੱਕ-ਇੱਕ ਉਤਪਾਦਨ ਯੂਨਿਟ ਚਾਲੂ ਕਰ ਦਿੱਤੇ ਗਏ ਹਨ, ਜੇ ਲੋੜ ਪਈ ਤਾਂ ਇਨ੍ਹਾਂ ਥਰਮਲਾਂ ਦੇ ਹੋਰ ਯੂਨਿਟਾਂ ਨੂੰ ਚਲਾਇਆ ਜਾ ਸਕਦਾ ਹੈ। ਰੋਪੜ ਤੇ ਲਹਿਰਾ ਮੁਹੱਬਤ ਕੋਲ ਵੀ ਪੂਰੀ ਲੋਡ ਸਮੱਰਥਾ ‘ਚ ਚੱਲਣ ਦੀ ਸੂਰਤ ‘ਚ ਚਾਰ-ਪੰਜ ਦਿਨ ਜੋਗਾ ਕੋਲੇ ਦਾ ਭੰਡਾਰ ਹੈ। ਪੰਜਾਬ ਵਾਰ-ਵਾਰ ਇਹ ਵੀ ਕਹਿ ਰਿਹਾ ਹੈ ਕਿ ਨੈਸ਼ਨਲ ਗਰਿੱਡਾਂ ਪਾਸੋਂ ਬਿਜਲੀ ਖਰੀਦਣ ਲਈ ਸੂਬੇ ਕੋਲ ਪੈਸਾ ਨਹੀਂ ਹੈ, ਅਜਿਹੇ ਮੰਦੜੇ ਹਾਲਾਤ ‘ਚ ਖਤਰੇ ਵਾਲੀ ਵੱਡੀ ਗੱਲ ਇਹ ਹੈ ਕਿ ਜੇ ਅਗਲੇ ਚਾਰ-ਪੰਜ ਦਿਨਾਂ ਤੱਕ ਰੇਲਾਂ ਦੀ ਆਵਾਜਾਈ ਨਾ ਖੁੱਲ੍ਹੀ, ਤਾਂ ਕੋਲ ਸੰਕਟ ਕਾਰਨ ਸਰਕਾਰੀ ਪੱਧਰ ਦੇ ਦੋਵੇਂ ਥਰਮਲਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਹੈ।


Share