ਪੰਜਾਬ ਪੁਲਿਸ ਵਲੋਂ ਮਹਿਲਾ ਪੁਲਿਸ ਕਰਮਚਾਰੀਆਂ ਲਈ ‘ਯੋਗਾ ਓਵਰ ਵੈਬਿਨਾਰ’ ਪ੍ਰੋਗਰਾਮ

626
Share

ਕੋਵਿਡ ਦੇ ਮੱਦੇਨਜ਼ਰ ਤਣਾਅ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਤੇ ਸਿਹਤਮੰਦੀ ਲਈ ਕੋਸ਼ਿਸ਼ਾਂ
ਚੰਡੀਗੜ, 1 ਅਕਤੂਬਰ (ਪੰਜਾਬ ਮੇਲ)- ਪੁਲਿਸ ਦੇ ਜਵਾਨਾਂ ਦੀ ਡਿਊਟੀ ਦੌਰਾਨ ਤੰਦਰੁਸਤੀ ਤੇ ਤਣਾਉ ਘਟਾਉਣ ਦੇ ਮੱਦੇਨਜ਼ਰ, ਪੰਜਾਬ ਪੁਲਿਸ ਵਲੋਂ ਰਾਉਂਡ ਗਲਾਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਮਹਿਲਾ ਪੁਲਿਸ ਕਰਮਚਾਰੀਆਂ ਲਈ ‘ਯੋਗਾ ਓਵਰ ਵੈਬਿਨਾਰ‘ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਜੋ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਤਣਾਅ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਇਹ ਯੋਗ ਤੰਦਰੁਸਤੀ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਕਾਫ਼ੀ ਤਣਾਅ ਦਾ ਸਾਹਮਣਾ ਕਰਨਾ ਪਿਆ ਕਿਉਂਜੋ ਉਹ ਕੰਮ ਵਾਲੀ ਥਾਂ ਅਤੇ ਘਰ, ਦੋਵਾਂ ਜਗਾ ‘ਤੇ ਡਿਊਟੀ ਨਿਭਾ ਰਹੀਆਂ ਹਨ। ਕੋਵਿਡ-19 ਸੰਕਟ ਨੇ ਤਣਾਅ ਅਤੇ ਚਿੰਤਾ ਵਿਚ ਕਈ ਗੁਣਾ ਵਾਧਾ ਕੀਤਾ ਹੈ। ਇਸ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ ਕਿ 55 ਸਾਲ ਤੋਂ ਵੱਧ ਉਮਰ ਦੇ ਪੁਰਸ਼ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਂ ਪਹਿਲਾਂ ਤੋਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਪੁਲਸ ਕਰਮੀਆਂ ਅਤੇ ਮਹਿਲਾ ਪੁਲਿਸ, ਜਿਹਨਾਂ ਕੋਲ 5 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ, ਨੂੰ ਫਰੰਟ ਲਾਈਨ ਡਿਊਟੀਆਂ ‘ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਕਮਿਊਨਿਟੀ ਅਫੇਅਰਜ਼ ਡਵੀਜ਼ਨ ਦੇ ਮੁਖੀ ਤੇ ਏਡੀਜੀਪੀ ਸ੍ਰੀਮਤੀ ਗੁਰਪ੍ਰੀਤ ਦਿਓ ਨੇ ਰਾਊਂਡ ਗਲਾਸ ਫਾਉਂਡੇਸ਼ਨ ਨਾਲ ਮਿਲ ਕੇ ਮਹਿਲਾ ਪੁਲਿਸ ਕਰਮਚਾਰੀਆਂ ਲਈ ਇਹ ਯੋਗਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਦਿਨਕਰ ਗੁਪਤਾ ਨੇ ਮਹਾਂਮਾਰੀ ਦੌਰਾਨ ਪੁਲਿਸ ਕਰਮਚਾਰੀਆਂ ਦੀ ਭਲਾਈ ਨੂੰ ਹਮੇਸ਼ਾਂ ਲਈ ਪਹਿਲ ਦਿੱਤੀ ਹੈ ਅਤੇ ਹੁਣ ਸਾਡਾ ਧਿਆਨ ਫਰੰਟ ਲਾਈਨ ਕਰਮਚਾਰੀਆਂ ਦੀ ਤੰਦਰੁਸਤੀ ਵੱਲ ਕੇਂਦਰਤ ਹੈ।
ਉਹਨਾਂ ਅੱਗੇ ਇਹ ਵੀ ਦੱਸਿਆ ਕਿ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਸਮੇਂ ਦੇ ਤਣਾਅ ਭਰੇ ਮਾਹੌਲ ਨਾਲ ਨਜਿੱਠਣ ਲਈ ਯੋਗਾ ਸਭ ਤੋਂ ਪ੍ਰਭਾਵਸ਼ਾਲੀ ਅਭਿਆਸਾਂ ਵਿੱਚੋਂ ਇੱਕ ਹੈ। ਯੋਗਾ ਅਤੇ ਮੈਡੀਟੇਸ਼ਨ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਤਣਾਅ ਦਾ ਸਾਹਮਣਾ ਕਰਨ ਲਈ ਸਹਾਇਕ ਹੋ ਸਕਦੇ ਹਨ।
ਏਡੀਜੀਪੀ ਸ੍ਰੀਮਤੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਯੋਗਾ ਵੈਬੀਨਾਰ ਸੈਸ਼ਨ ਦੇ ਪਹਿਲੇ ਇੱਕ ਘੰਟੇ ਵਿੱਚ 400 ਮਹਿਲਾ ਪੁਲਿਸ ਕਰਮਚਾਰੀ ਸ਼ਾਮਲ ਹੋਈਆਂ। ਅਨੁਭਵੀ ਯੋਗਾ ਇੰਸਟ੍ਰਕਟਰ ਸੁਚਿੰਤ ਸੋਢੀ ਨੇ ਰਾਊਂਡ ਗਲਾਸ ਫਾਊਂਡੇਸ਼ਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੂੰ ਆਪਣੀਆਂ ਸੇਵਾਵਾਂ ਦੀ ਮੁਫ਼ਤ ਪੇਸ਼ਕਸ਼ ਕੀਤੀ ਹੈ ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ ਵਰਚੁਅਲ ਯੋਗਾ ਕਲਾਸਾਂ ਲਈ ਤਿੰਨ ਮਹੀਨਿਆਂ ਦੀ ਵਿਧੀ ਤਿਆਰ ਕੀਤੀ ਗਈ ਹੈ। ਇਹ ਹਫ਼ਤੇ ਵਿਚ ਪੰਜ ਦਿਨ ਸਵੇਰੇ 7 ਤੋਂ 8 ਵਜੇ ਤੱਕ 45 ਮਿੰਟ ਦੀ ਯੋਗਾ ਕਲਾਸ ਹੋਵੇਗੀ ਅਤੇ ਇਸ ਤੋਂ ਬਾਅਦ ਘਰ ਵਿਚ 20 ਦਿਨਾਂ ਲਈ ਸਵੈ-ਅਭਿਆਸ ਕਰਨਾ ਹੋਵੇਗਾ।
ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੀਆਂ ਮਹਿਲਾ ਪੁਲਿਸ ਅਧਿਕਾਰੀਆਂ ਵੱਲੋਂ ਯੋਗਾ ਸ਼ੈਸ਼ਨ ਦੀ ਬਹੁਤ ਸ਼ਲਾਘਾ ਕੀਤੀ ਗਈ ਕਿਉਂ ਜੋ ਇਸ ਵਿੱਚ ਜੀਵਨ ਜੀਉਣ ਦੇ ਨਵੇਂ ਢੰਗ ਪੇਸ਼ ਕੀਤੇ ਗਏ ਅਤੇ ਉੱਚ ਤਣਾਅ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਜਿਸਦਾ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਪੁਲਿਸਿੰਗ ਅਤੇ ਘਰੇਲੂ ਜ਼ਿੰਮੇਵਾਰੀਆਂ ਦੋਵਾਂ ਨੂੰ ਸੰਤੁਲਿਤ ਕਰਨ ਲਈ ਅਕਸਰ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਦੱਸਿਆ ਕਿ ਅਗਲੇ ਪੜਾਅ ਵਿਚ ਇਸ ਪ੍ਰੋਗਰਾਮ ਵਿਚ ਪੰਜਾਬ ਪੁਲਿਸ ਦੇ 80,000 ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਹੈ।


Share