ਪੰਜਾਬ ਪੁਲਿਸ ਨੇ 8 ਵੱਡੇ ਸਿਆਸੀ ਆਗੂਆਂ ਦੀ ਸੁਰੱਖਿਆ ਘਟਾਈ

27
Share

-ਹਰਸਿਮਰਤ, ਜਾਖੜ ਅਤੇ ਭੱਠਲ ਸਣੇ ਕਈ ਆਗੂ ਸ਼ਾਮਲ
* ਕਈਆਂ ਦਾ ‘ਵਾਈ’ ਅਤੇ ‘ਜ਼ੈੱਡ’ ਸੁਰੱਖਿਆ ਵਰਗ ਖ਼ਤਮ, ਸਰਕਾਰੀ ਵਾਹਨ ਵੀ ਵਾਪਸ ਲਏ
ਚੰਡੀਗੜ੍ਹ, 12 ਮਈ (ਪੰਜਾਬ ਮੇਲ)-ਪੰਜਾਬ ਪੁਲਿਸ ਨੇ ਸੂਬੇ ਦੇ ਕਈ ਵੱਡੇ ਸਿਆਸਤਦਾਨਾਂ ਨੂੰ ਝਟਕਾ ਦਿੰਦਿਆਂ 8 ਆਗੂਆਂ ਦੀ ਸੁਰੱਖਿਆ ਵਿਚ ਵੱਡੀ ਕਟੌਤੀ ਕੀਤੀ ਹੈ। ਜਿਨ੍ਹਾਂ ਸਿਆਸੀ ਆਗੂਆਂ ਦੀ ਸੁਰੱਖਿਆ ਘੱਟ ਕੀਤੀ ਗਈ ਹੈ, ਉਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ। ਸਰਕਾਰ ਨੇ ਇਨ੍ਹਾਂ ਆਗੂਆਂ ਨੂੰ ਇਕ ਹੋਰ ਝਟਕਾ ਦਿੰਦਿਆਂ ਸੁਰੱਖਿਆ ਦੇ ਵਿਸ਼ੇਸ਼ ਵਰਗ ਤੋਂ ਵੀ ਵਾਂਝਾ ਕਰ ਦਿੱਤਾ ਹੈ। ਸ਼੍ਰੀਮਤੀ ਬਾਦਲ ਅਤੇ ਸ਼੍ਰੀਮਤੀ ਭੱਠਲ ਨੂੰ ਦਿੱਤੀ ਵਿਸ਼ੇਸ਼ ਵਰਗ ਦੀ ਸੁਰੱਖਿਆ ਹੀ ਬਹਾਲ ਰੱਖੀ ਗਈ ਹੈ। ਸੁਰੱਖਿਆ ਵਿਚ ਕੀਤੀ ਕਟੌਤੀ ਵਿਚ ਸਭ ਤੋਂ ਜ਼ਿਆਦਾ ਪੁਲਿਸ ਕਰਮਚਾਰੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਨਾਲੋਂ ਹਟਾਏ ਗਏ ਹਨ। ਪੁਲਿਸ ਦੇ ਇਸ ਪੱਤਰ ਮੁਤਾਬਕ ਸ਼੍ਰੀਮਤੀ ਭੱਠਲ ਨੂੰ ਵਾਈ ਪਲੱਸ ਸੁਰੱਖਿਆ ਵਰਗ ਅਧੀਨ ਸੂਬਾ ਸਰਕਾਰ ਵੱਲੋਂ 36 ਪੁਲਿਸ ਕਰਮਚਾਰੀ ਅਤੇ ਵਾਹਨ ਦਿੱਤੇ ਹੋਏ ਸਨ। ਸਰਕਾਰ ਨੇ ਇਨ੍ਹਾਂ ਵਿਚੋਂ 28 ਕਰਮਚਾਰੀ ਅਤੇ 3 ਵਾਹਨ ਵਾਪਸ ਬੁਲਾ ਲਏ ਹਨ ਤੇ ਹੁਣ 8 ਪੁਲਿਸ ਕਰਮਚਾਰੀ ਹੀ ਸੁਰੱਖਿਆ ਲਈ ਤਾਇਨਾਤ ਹਨ।
ਹਰਸਿਮਰਤ ਕੌਰ ਬਾਦਲ ਨੂੰ ਜ਼ੈੱਡ ਸੁਰੱਖਿਆ ਅਧੀਨ ਰਾਜ ਸਰਕਾਰ ਵੱਲੋਂ 13 ਕਰਮਚਾਰੀ ਅਤੇ ਵਾਹਨ ਦਿੱਤੇ ਹੋਏ ਹਨ। ਸਾਬਕਾ ਕੇਂਦਰੀ ਮੰਤਰੀ ਦੀ ਸੁਰੱਖਿਆ ਛਤਰੀ ਵਿਚੋਂ 2 ਕਰਮਚਾਰੀ ਅਤੇ 1 ਵਾਹਨ ਘਟਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਦੂਜਾ ਵੱਡਾ ਝਟਕਾ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਦਿੱਤਾ ਗਿਆ ਹੈ। ਇਸ ਸਾਬਕਾ ਵਿਧਾਇਕ ਨੂੰ ਜ਼ੈੱਡ ਸੁਰੱਖਿਆ ਅਧੀਨ ਰਾਜ ਸਰਕਾਰ ਵੱਲੋਂ 28 ਸੁਰੱਖਿਆ ਕਰਮਚਾਰੀ ਦਿੱਤੇ ਹੋਏ ਸਨ। ਸਰਕਾਰ ਨੇ 26 ਕਰਮਚਾਰੀ ਅਤੇ ਇਕ ਵਾਹਨ ਵਾਪਸ ਬੁਲਾ ਲਿਆ ਤੇ ਨਾਲ ਹੀ ਜ਼ੈੱਡ ਸੁਰੱਖਿਆ ਦੇ ਵਰਗ ਨੂੰ ਖ਼ਤਮ ਕਰਦਿਆਂ ਦੋ ਕਰਮਚਾਰੀ ਹੀ ਦਿੱਤੇ ਹਨ ਤੇ ਪੁਲਿਸ ਦਾ ਦਾਅਵਾ ਹੈ ਕਿ ਇਸ ਕਾਂਗਰਸੀ ਆਗੂ ਨੂੰ ਕੋਈ ਖਾਸ ਖ਼ਤਰਾ ਨਹੀਂ ਹੈ। ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਕੋਲ ਵੀ ਵਾਈ ਵਰਗ ਦੀ ਸੁਰੱਖਿਆ ਹਾਸਲ ਅਤੇ 11 ਪੁਲਿਸ ਕਰਮਚਾਰੀ ਸਨ। ਪੁਲਿਸ ਨੇ ਹੁਣ 11 ਕਰਮਚਾਰੀ ਅਤੇ ਇਕ ਵਾਹਨ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਹਨ। ਨਵਤੇਜ ਸਿੰਘ ਚੀਮਾ ਨਾਲੋਂ ਵੀ 11 ਕਰਮਚਾਰੀ ਤੇ ਇਕ ਵਾਹਨ ਵਾਪਸ ਬੁਲਾ ਕੇ ਦੋ ਕਰਮਚਾਰੀਆਂ ਦੀ ਹੀ ਸੁਰੱਖਿਆ ਦਿੱਤੀ ਹੈ। ਢਿੱਲੋਂ ਅਤੇ ਚੀਮਾ ਦੋਵੇਂ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਸੁਰੱਖਿਆ ਦਾ ਵਾਈ ਵਰਗ ਗੁਆ ਬੈਠੇ ਹਨ। ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਜ਼ੈੱਡ ਸੁਰੱਖਿਆ ਵਰਗ ‘ਚ ਰੱਖ ਕੇ 37 ਕਰਮਚਾਰੀ ਤਾਇਨਾਤ ਕੀਤੇ ਹੋਏ ਸਨ ਤੇ ਸਰਕਾਰ ਨੇ 19 ਸੁਰੱਖਿਆ ਕਰਮਚਾਰੀ ਘਟਾ ਕੇ 18 ਪੁਲਿਸ ਕਰਮੀਆਂ ਦੀ ਸੁਰੱਖਿਆ ਦਿੱਤੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੁਰੱਖਿਆ ਲਈ ਤਾਇਨਾਤ 22 ਕਰਮਚਾਰੀਆਂ ਵਿਚ 18 ਅਤੇ ਇਕ ਵਾਹਨ ਵਾਪਸ ਲੈ ਲਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ 10 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਸਿਆਸਤਦਾਨਾਂ, ਅਧਿਕਾਰੀਆਂ, ਡੇਰੇਦਾਰਾਂ ਅਤੇ ਸ਼ਿਵ ਸੈਨਿਕਾਂ ਆਦਿ ਦੀ ਸੁਰੱਖਿਆ ਲਈ ਹੀ ਤਾਇਨਾਤ ਹਨ।


Share