ਪੰਜਾਬ ਪੁਲਿਸ ਨੇ ਪ੍ਰਵਾਸੀ ਮਜ਼ਦੂਰਾਂ ਲਈ ਫ਼ਰਜੀ ਕਰਫਿਊ ਪਾਸਾਂ ਦੀ ਵਰਤੋਂ ਕਰਨ ਵਾਲਿਆਂ ’ਚੋਂ 9 ਨੂੰ ਕੀਤਾ ਗ੍ਰਿਫ਼ਤਾਰ, 1 ਫ਼ਰਾਰ

722
Share

3.5 ਲੱਖ ਰੁਪਏ ਦੇ ਬਦਲੇ 71 ਮਜ਼ਦੂਰ ਗੈਰਕਾਨੂੰਨੀ ਤਰੀਕੇ ਨਾਲ ਪਹਿਲਾਂ ਹੀ ਉੱਤਰ ਪ੍ਰਦੇਸ਼ ਅਤੇ ਬਿਹਾਰ ਲਿਜਾਏ ਗਏ

ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਕੋਵਿਡ ਕਰਫਿਊ/ਤਾਲਾਬੰਦੀ ਹੋਣ ਦੇ ਬਾਵਜੂਦ, ਪੰਜਾਬ ਪੁਲਿਸ ਨੇ ਫਸੇ ਪ੍ਰਵਾਸੀ ਮਜ਼ਦੂਰਾਂ ਲਈ ਜਾਅਲੀ ਰਾਹ ਬਣਾਉਣ ਵਿੱਚ ਲੱਗੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 3.5 ਲੱਖ ਰੁਪਏ ਦੇ ਬਦਲੇ 71 ਮਜ਼ਦੂਰ ਪਹਿਲਾਂ ਹੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਲਿਜਾਏ ਜਾ ਚੁੱਕੇ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗੈਂਗ ਦੇ ਨੌਂ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ਼ ਟਾਂਡਾ ਥਾਣੇ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੁਆਰਾ ਵਰਤੇ ਗਏ ਫ਼ੋਨ ਜ਼ਬਤ ਕਰ ਲਏ ਗਏ ਸਨ। ਗਿਰੋਹ ਦਾ ਇਕ ਮੈਂਬਰ ਫ਼ਰਾਰ ਹੈ।

ਡੀਜੀਪੀ ਨੇ ਕਿਹਾ ਕਿ ਮੁਲਜ਼ਮ ਟੈਂਪੋ ਟਰੈਵਲਰ ਲਈ ਲਗਭਗ 60000 ਰੁਪਏ ਅਤੇ ਇਨੋਵਾ ਲਈ ਲਗਭਗ 30000  ਰੁਪਏ ਲੈ ਰਹੇ ਸਨ। ਫਰਜ਼ੀ ਕਰਫਿਊ ਪਾਸਾਂ ਦੀ ਸਹਾਇਤਾ ਨਾਲ ਹੁਣ ਤੱਕ ਪੰਜਾਬ ਵਿਚੋਂ 71 ਮਜ਼ਦੂਰਾਂ ਦੀ ਤਸਕਰੀ ਕੀਤੀ ਗਈ, 13 ਨੂੰ ਇਕ ਟਰੱਕ ਵਿਚ ਭੇਜਿਆ ਗਿਆ, ਦੋ ਟੈਂਪੋ ਟਰੈਵਲਰ ਵਿੱਚ 20 ਅਤੇ ਤਿੰਨ ਇਨੋਵਾ ਵਿਚ 6 -6 ਮਜ਼ਦੂਰਾਂ ਨੂੰ ਭੇਜਿਆ ਗਿਆ। ਬਿਹਾਰ ਦੇ ਗੋਂਡਾ ਜ਼ਿਲ੍ਹੇ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਸਹਾਰਨਪੁਰ ਵਿਚ 12 ਅਪ੍ਰੈਲ ਤੋਂ ਹੁਣ ਤਕ ਅਜਿਹੇ ਵਾਹਨ ਚਲਾਉਣ ਵਾਲੇ ਵਾਹਨ ਚਾਰ ਗੇੜੇ ਲਗਾ ਚੁੱਕੇ ਹਨ।

ਇਸ ਗਿਰੋਹ ਦਾ ਪਰਦਾਫਾਸ਼ ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਧਾਰ ‘ਤੇ  ਕੀਤਾ ਗਿਆ। ਕੁਝ ਫਰਜ਼ੀ/ਗੈਰਕਾਨੂੰਨੀ ਕਰਫਿਊ ਪਾਸ ਪੰਜਾਬ ਤੋਂ ਹਰਿਆਣਾ ਅਤੇ ਯੂ ਪੀ ਸਰਹੱਦ ਪਾਰ ਕਰਨ ਲਈ ਵਰਤੇ ਜਾ ਰਹੇ ਸਨ। ਰਾਜਪੁਰਾ ਦੇ ਸ਼ੰਭੂ ਬੈਰੀਅਰ ‘ਤੇ ਡਿਊਟੀ ਕਰ ਰਹੇ ਅਧਿਕਾਰੀ ਨੂੰ ਸ਼ੱਕ ਹੋਣ ‘ਤੇ ਉਸ ਗਿਰੋਹ ਲਈ ਮੁਸੀਬਤ ਖੜ੍ਹੀ ਹੋ ਗਈ ਅਤੇ ਉਸਨੇ ਅਜਿਹੇ ਪ੍ਰਵਾਸੀਆਂ ਨੂੰ ਲਿਜਾਣ ਵਾਲੇ ਵਾਹਨਾਂ ਵਿਚੋਂ ਇਕ ਨੂੰ ਟਾਂਡਾ ਵਾਪਸ ਜਾਣ ਲਈ ਕਿਹਾ।

ਡੀ.ਜੀ.ਪੀ. ਨੇ ਕਿਹਾ ਕਿ ਟਾਂਡਾ ਵਾਪਸ ਪਰਤਣ ‘ਤੇ ਮਜ਼ਦੂਰ ਮੁਲਜ਼ਮਾਂ ਕੋਲੋਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕਰਨ ਲੱਗੇ ਅਤੇ ਇਹ ਗੱਲ ਪੁਲਿਸ ਕੋਲ ਪਹੁੰਚ ਗਈ।

ਐਸਐਸਪੀ ਹੁਸ਼ਿਆਰਪੁਰ, ਗੌਰਵ ਗਰਗ, ਜਿਨ੍ਹਾਂ ਨੇ ਜਾਂਚ ਦੀ ਅਗਵਾਈ ਕੀਤੀ, ਨੇ ਕਿਹਾ ਕਿ ਉਨ੍ਹਾਂ ਨੇ ਕੰਪਿਊਟਰ ਸਾਫਟਵੇਅਰ ਦੀ ਵਰਤੋਂ ਕਰਦਿਆਂ ਜਾਅਲੀ ਕਰਫਿਊ ਪਾਸ ਬਣਾਏ ਸਨ ਅਤੇ ਉਨ੍ਹਾਂ ਨੂੰ ਵਾਹਨਾਂ ਦੀ ਮੁਹਰਲੇ ਸ਼ੀਸ਼ੇ ‘ਤੇ ਚਿਪਕਾਇਆ ਗਿਆ ਸੀ। ਵਾਹਨ ਦੇ ਡਰਾਈਵਰ ਅਤੇ ਸਹਿਯੋਗੀ ਕਲੀਨਰ ਨੂੰ ਜਾਅਲੀ ਪਾਸ ਦੀਆਂ ਕਾਪੀਆਂ ਦਿੱਤੀਆਂ ਗਈਆਂ, ਜੋ ਬਟਾਲਾ-ਐਸਡੀਐਮ ਵੱਲੋਂ ਆਈਜੀਆਈ ਏਅਰਪੋਰਟ, ਦਿੱਲੀ ਲਈ ਇੱਕ ਟੈਕਸੀ ਡਰਾਈਵਰ ਨੂੰ ਜਾਰੀ ਕੀਤੇ ਗਏ ਇੱਕ ਅਸਲ ਪਾਸ ਦੀ ਵਰਤੋਂ ਕਰਕੇ  ਫੋਟੋਸ਼ੂਟ ਰਾਹੀਂ ਬਣਾਇਆ ਗਿਆ ਸੀ। ਦੋਸ਼ੀ ਦੁਪਹਿਰ ਦੇ ਖਾਣੇ ਦੌਰਾਨ ਸ਼ੰਭੂ ਬਾਰਡਰ ‘ਤੇ ਇਕ ਪੈਟਰੋਲ ਪੰਪ ‘ਤੇ ਡਰਾਈਵਰ ਨੂੰ ਮਿਲੇ ਸਨ ਅਤੇ ਡਰਾਇਵਰ ਨੇ ਉਨ੍ਹਾਂ ਨੂੰ ਆਪਣਾ ਪਾਸ ਦਿਖਾਇਆ, ਜਿਸ ਦੀਆਂ ਉਨ੍ਹਾਂ ਨੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਧਰ-ਉਧਰ ਜਾਣ ਲਈ ਇਸਤੇਮਾਲ ਕਰਨ ਦੇ ਬਹਾਨੇ ਫੋਟੋਆਂ ਖਿੱਚੀਆਂ। ਹਾਲਾਂਕਿ, ਉਨ੍ਹਾਂ ਨੂੰ ਜਲਦੀ ਹੀ ਪਾਸ ਦੀ ਫੋਟੋ ਨੂੰ ਨਕਲੀ ਪਾਸ ‘ਤੇ ਵਰਤਣ ਅਤੇ ਉਨ੍ਹਾਂ ਨਾਲ ਪੈਸਾ ਕਮਾਉਣ ਦਾ ਵਿਚਾਰ ਆਇਆ।

ਸ੍ਰੀ ਗਰਗ ਨੇ ਦੱਸਿਆ ਕਿ ਮਿਤੀ 4/24/2020 ਨੂੰ ਆਈ ਪੀ ਸੀ ਦੀ ਧਾਰਾ 419, 420, 465, 466, 468, 471, 188, 269, 270, 271,120-ਬੀ ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 51 ਅਤੇ 52 ਤਹਿਤ 9 ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ ਜੱਸੀ ਪੁਤਰ ਪਵਿੱਤਰ ਦਿਆਲ ਵਾਸੀ ਵਾਰਡ ਨੰ .4, ਦਸ਼ਮੇਸ਼ ਨਗਰ, ਟਾਂਡਾ, ਰਵੀ ਕੁਮਾਰ ਉਰਫ ਰਵੀ ਪੁਤਰ ਸੁੰਦਰ ਲਾਲ ਵਾਸੀ ਸੰਤੋਖ ਨਗਰ, ਥਾਣਾ ਸਿਟੀ, ਗੌਰਵ ਕੁਮਾਰ ਪੁਤਰ ਉਮਾ ਕਾਂਤ ਵਾਸੀ ਤਲਵਾੜ ਮੁਹੱਲਾ, ਵਾਰਡ ਨੰ. 11 ਟਾਂਡਾ, ਸੁਖਵਿੰਦਰ ਸਿੰਘ ਉਰਫ ਰਾਜੂ ਪੁਤਰ ਸੁਰਜੀਤ ਸਿੰਘ ਵਾਸੀ ਅਲੋਵਾਲ, ਥਾਣਾ ਬੁਲੋਵਾਲ, ਚੰਦਰ ਮੋਹਨ ਪੁਤਰ ਕਮਲਜੀਤ ਸਿੰਘ ਵਾਸੀ ਵਾਰਡ ਨੰ. 3, ਮਿਆਨੀ, ਥਾਣਾ ਟਾਂਡਾ ਹੁਸ਼ਿਆਰਪੁਰ, ਅਜੈ ਪਾਲ ਪੁਤਰ ਰੇਸ਼ਮ ਸਿੰਘ ਵਾਸੀ ਵਾਰਡ ਨੰ.31, ਮੁਹੱਲਾ ਪ੍ਰੇਮਗੜ, ਥਾਣਾ ਸਿਟੀ, ਕਮਲ ਮਹਿਰਾ ਪੁਤਰ ਕੁੰਦਨ ਲਾਲ ਵਾਸੀ ਵਾਰਡ ਨੰ. 7, ਬੱਸੀ ਖਵਾਜੂ, ਥਾਣਾ ਮਾਡਲ ਟਾਊਨ, ਵਿਸ਼ਾਲ ਵੋਹਰਾ ਉਰਫ ਸ਼ਾਨੂ ਪੁਤਰ ਕ੍ਰਿਸ਼ਨ ਲਾਲ ਵੋਹਰਾ ਵਾਸੀ ਹਰੀ ਨਗਰ, ਹੁਸ਼ਿਆਰਪੁਰ ਅਤੇ ਪੰਕਜ ਕੁਮਾਰ ਪੁਤਰ ਦਰਸ਼ਨ ਲਾਲ ਵਾਸੀ ਵਾਰਡ ਨੰ: 7, ਬੱਸੀ ਖਵਾਜੂ, ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਵਜੋਂ ਹੋਈ ਹੈ।


Share