ਪੰਜਾਬ ਪੁਲਿਸ ਨੇ ਨਿਹੰਗਾਂ ਵਲੋਂ ਪੁਲਿਸ ਤੇ ਕੀਤੇ ਹਮਲੇ ਦੀ ਫੇਸਬੁੱਕ ਉੱਤੇ ਹਮਾਇਤ ਅਤੇ ਧਾਰਮਿਕ ਨਫਰਤ ਭੜਕਾਉਣ ਵਾਲੇ 3 ਵਿਅਕਤੀ ਕੀਤੇ ਗ੍ਰਿਫਤਾਰ

741

ਡੀਜੀਪੀ ਵਲੋਂ ਨਫਰਤ ਤੇ ਅਸ਼ਾਂਤੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ
ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਨਿਹੰਗਾਂ ਦੇ ਇਕ ਸਮੂਹ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਬੇਰਹਿਮੀ ਨਾਲ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਸਖ਼ਤ ਕਾਰਵਾਈ ਕਰਦਿਆਂ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਨਫਰਤ ਭਰੇ ਸੰਦੇਸ਼ਾਂ ਰਾਹੀਂ ਭਾਵਨਾਵਾਂ ਭੜਕਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਭੁਪਿੰਦਰ ਸਿੰਘ ਪੁੱਤਰ ਸਵਰਗੀ ਜੀਤ ਸਿੰਘ ਵਾਸੀ ਮਾਡਲ ਟਾਊਨ, ਹੁਸਆਿਰਪੁਰ; ਦਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਿਵਲ ਲਾਈਨਜ਼, ਬਟਾਲਾ; ਅਤੇ ਕੁਲਜੀਤ ਸਿੰਘ ਭੁੱਲਰ ਪੁੱਤਰ ਸਵਰਨ ਸਿੰਘ ਵਾਸੀ ਮਲੋਟ ਸ਼ਹਿਰ ਜ਼ਿਲ੍ਹਾ ਸ੍ਰੀ. ਮੁਕਤਸਰ ਸਾਹਿਬ  ਨੂੰ ਸੋਸ਼ਲ ਮੀਡੀਆ ‘ਤੇ ਨਫ਼ਰਤ ਭਰੇ ਸੰਦੇਸ਼ਾਂ ਨਾਲ  ਫਿਰਕੂ ਅਸ਼ਾਂਤੀ ਭੜਕਾਉਂਦੇ ਪਾਏ ਗਏ।
ਤਿੰਨਾਂ ਵਿਰੁੱਧ ਆਈਪੀਸੀ 1860 ਦੀ ਧਾਰਾ 115, 153-ਏ, 188, 269, 270, 271 ਅਤੇ 505 (2), ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ 3 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 54 ਦੇ ਤਹਿਤ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਡੀ ਜੀ ਪੀ ਨੇ ਕਿਹਾ ਕਿ ਇਹ ਆਦਮੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਨਫ਼ਰਤ ਭਰੇ ਪ੍ਰਚਾਰ ਵਿਚ ਸ਼ਾਮਲ ਹਨ। ਗੁਪਤਾ ਨੇ ਕਿਹਾ ਕਿ ਭੁਪਿੰਦਰ ਸਿੰਘ ਨੇ ਆਪਣੀ ਭੜਕਾਊ ਇੰਟਰਵਿਊ ਅਪਣਾ ਸਾਂਝ ਪੰਜਾਬ ਫੇਸਬੁੱਕ ਟੀ ਵੀ ਚੈਨਲ ਨੂੰ ਪੋਸਟ ਕੀਤੀ ਸੀ, ਜਿਸ ਵਿੱਚ ਉਸਨੇ ਨਿਹੰਗਾਂ ਦੀ ਕਾਰਵਾਈ ਦਾ ਪੱਖ ਪੂਰਿਆ  ਸੀ, ਪਰ ਬਾਅਦ ਵਿੱਚ ਇਸ ਇੰਟਰਵਿਊ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਫੇਸਬੁੱਕ ਚੈਨਲ ਵਿਰੁੱਧ ਕਾਰਵਾਈ ਕਰਨ ਲਈ ਕਾਨੂੰਨੀ ਵਿਕਲਪਾਂ ਦੀ ਭਾਲ ਕਰ ਰਹੀ ਹੈ।
ਗੁਪਤਾ ਨੇ ਕਿਹਾ ਕਿ ਭੁੱਲਰ ਅਤੇ ਦਵਿੰਦਰ ਨੇ ਵੀ ਫੇਸਬੁੱਕ ‘ਤੇ ਭੜਕਾਊ ਅਤੇ ਭੱਦੇ ਬਿਆਨ ਦਿੱਤੇ ਸਨ, ਨਿਹੰਗ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਨਿਹੰਗਾਂ ਨੂੰ ਹੋਰ ਅਜਿਹੇ ਹਮਲੇ ਕਰਨ ਲਈ ਅੱਗੇ ਆਉਣ ਲਈ ਉਕਸਾਇਆ।
ਪੁਲਿਸ ਜਾਂ ਸਮਾਜ ਦੇ ਕਿਸੇ ਵੀ ਹੋਰ ਵਰਗ ਵਿਰੁੱਧ ਨਫ਼ਰਤ ਭੜਕਾਉਣ ਅਤੇ ਹਿੰਸਾ ਫੈਲਾਉਣ ਵਾਲਿਆਂ ਵਿਰੁੱਧ ਤੁਰੰਤ ਅਤੇ ਸਖਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਕੀਮਤ ਤੇ ਰਾਜ ਵਿੱਚ ਨਫ਼ਰਤ ਫੈਲਾਉਣ ਜਾਂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ -19 ਦੇ ਫੈਲਣ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਵਿਚ ਸਮੁੱਚੀ ਪੁਲਿਸ ਫੋਰਸ ਦਿਨ ਰਾਤ ਕਰਫਿਊ  ਲਾਗੂ ਕਰਵਾਉਦ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਮੁਸ਼ਕਲ ਹਾਲਤਾਂ ਵਿੱਚ ਵੀ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਵਾ ਰਹੀ ਹੈ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕਰਫਿਊ ਦੀਆਂ ਪਾਬੰਦੀਆਂ ਦੀ ਕਿਸੇ ਵੀ ਕਿਸਮ ਨਾਲ ਉਲੰਘਣਾ ਜਾਂ ਰਾਜ ਵਿਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸਬੰਧ ਵਿਚ ਪੰਜਾਬ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਕੱਲ੍ਹ ਪਟਿਆਲਾ ਹਮਲੇ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ  ਕਿ ਅਸੀਂ ਆਪਣੇ ਪੁਲਿਸ ਮੁਲਾਜ਼ਮਾਂ ਖਿਲਾਫ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਅੰਮ੍ਰਿਤਸਰ ਦੇ ਇੱਕ ਸੁਧੀਰ ਸੂਰੀ ਅਤੇ ਪਟਿਆਲਾ ਦੇ ਅਕਾਸ਼ ਦੀਪ ਨੂੰ ਉਨ੍ਹਾਂ ਦੇ ਫਿਰਕੂ ਅਤੇ ਭੜਕਾਊ ਬਿਆਨਾਂ ਅਤੇ ਪੋਸਟਾਂ ਲਈ ਗ੍ਰਿਫਤਾਰ ਕੀਤਾ ਸੀ।