ਪੰਜਾਬ ਪੁਲਿਸ ਨੇ ਨਹੀਂ ਕੀਤੀ ਅਫਰੀਕੀ ਨਾਗਰਿਕ ਬਾਰੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ!

645
Share

ਪੰਜਾਬ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ
ਚੰਡੀਗੜ੍ਹ, 21 ਜੂਨ (ਪੰਜਾਬ ਮੇਲ)- ਅਫਰੀਕੀ ਨਾਗਰਿਕ ਬਾਰੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕਰਨ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾ ਸਾਹਮਣਾ ਕਰ ਰਹੀ ਪੰਜਾਬ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਸ਼ਬਦ ਦੀ ਵਰਤੋਂ ਪੁਲਿਸ ਵਲੋਂ ਨਹੀਂ ਕੀਤੀ ਗਈ, ਬਲਕਿ ਇੱਕ ਮੁਲਜ਼ਮ ਵਲੋਂ ਆਪਣੇ ਬਿਆਨ ਦਰਜ ਕਰਾਊਣ ਮੌਕੇ ਇਹ ਸ਼ਬਦ ਵਰਤਿਆ ਗਿਆ, ਜਿਸ ਕਰਕੇ ਇਹ ਰਿਕਾਰਡ ਵਿਚ ਸ਼ਾਮਲ ਹੋਇਆ। ਕਾਨੂੰਨ ਮੁਤਾਬਕ ਪੁਲਿਸ ਨੇ ਮੁਲਜ਼ਮ ਦਾ ਬਿਆਨ ਇੰਨ-ਬਿੰਨ ਦਰਜ ਕਰਨਾ ਹੁੰਦਾ ਹੈ। ਵੀਡੀਓਕਾਨਫੰਰਸਿੰਗ ਜ਼ਰੀਏ ਕੇਸ ਦੀ ਸੁਣਵਾਈ ਮੌਕੇ ਜਸਟਿਸ ਰਾਜੀਵ ਨਰਾਇਣ ਰੈਣਾ ਦੇ ਬੈਂਚ ਨੂੰ ਦੱਸਿਆ ਕਿ ਪੁਲਿਸ ਰਿਪੋਰਟ ਵਿਚ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਇਸ ਮਾਮਲੇ ਵਿਚ ਸ਼ਾਮਲ ਸ਼ਿਕਾਇਤਕਰਤਾ ਸਬ-ਇੰਸਪੈਕਟਰ ਸੁਰਿੰਦਰ ਸਿੰਘ, ਜਾਂਚ ਅਫਸਰ ਏ.ਐੱਸ.ਆਈ. ਸੁਰਜੀਤ ਸਿੰਘ ਜਾਂ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਨਹੀਂ ਕੀਤੀ ਗਈ। ਸੀ.ਆਰ.ਪੀ.ਸੀ. ਦੀ ਧਾਰਾ 173 ਅਧੀਨ ਦਰਜ ਪੁਲਿਸ ਰਿਪੋਰਟ ਦੀ ਪੜਤਾਲ ਕਰਨ ‘ਤੇ ਪਤਾ ਲੱਗਦਾ ਹੈ ਕਿ ਇਹ ਸ਼ਬਦ ਮੁਲਜ਼ਮ ਵਲੋਂ ਬਿਆਨ ਦਰਜ ਕਰਾਊਣ ਮੌਕੇ ਸਾਹਮਣੇ ਆਇਆ। ਬੈਂਚ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਪਹਿਲਾਂ ਹੀ ਫੀਲਡ ਸਟਾਫ ਨੂੰ ਕਿਸੇ ਵੀ ਸਰਕਾਰੀ ਰਿਕਾਰਡ ‘ਚ ਇਤਰਾਜ਼ਯੋਗ ਜਾਂ ਨਸਲੀ ਸ਼ਬਦਾਂ ਦੀ ਵਰਤੋਂ ਨਾ ਕਰਨ ਸਬੰਧੀ ਨਿਰਦੇਸ਼ ਦੇ ਚੁੱਕੇ ਹਨ।


Share