ਪੰਜਾਬ ਪੁਲਿਸ ਨੇ ਕੋਵਿਡ ਬਾਰੇ ਕੂੜ ਪ੍ਰਚਾਰ ਕਰਨ ਵਾਲੇ 108 ਸੋਸ਼ਲ ਮੀਡੀਆ ਖਾਤੇ/ਲਿੰਕ ਬਲੌਕ ਕਰਵਾਏ

569
Share

ਹੋਰ ਵੀ ਖਾਤੇ ਬਲੌਕ ਕੀਤੇ ਜਾਣਗੇ, ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਲਈ ਖਾਤਾ ਧਾਰਕਾਂ ਦੀ ਸੂਚਨਾ ਦੀ ਉਡੀਕ

ਚੰਡੀਗੜ, 9 ਸੰਤਬਰ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਰਨ ਵਾਲੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ਾਂ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਕੋਵਿਡ ਬਾਰੇ ਕੂੜ ਪ੍ਰਚਾਰ ਕਰਨ ਵਾਲੇ 38 ਫੇਸਬੁੱਕ, 49 ਟਵਿੱਟਰ ਤੇ 21 ਯੂ. ਟਿਊਬ ਖਾਤਿਆਂ/ਲਿੰਕਜ਼ ਨੂੰ ਸਮਰੱਥ ਅਥਾਰਟੀ ਤੋਂ ਬਲੌਕ ਕਰਵਾ ਦਿੱਤਾ ਹੈ।
ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਹੁਣ ਤੱਕ 121 ਮਾਮਲੇ ਦਰਜ ਹੋਏ ਹਨ ਜਿਨਾਂ ਵਿੱਚ ਕੁੱਲ 151 ਫੇਸਬੁੱਕ ਖਾਤੇ/ਲਿੰਕ, 100 ਟਵਿੱਟਰ, ਚਾਰ ਇੰਸਟਾਗ੍ਰਾਮ ਤੇ 37 ਯੂ.ਟਿਊਬ ਖਾਤਿਆਂ/ਲਿੰਕਜ਼ ਬਾਰੇ ਸਬੰਧਤ ਅਥਾਰਟੀ ਫੇਸਬੁੱਕ, ਟਵਿੱਟਰ ਤੇ ਗੂਗਲ ਨੂੰ ਸੂਚਿਤ ਕੀਤਾ ਗਿਆ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਏਜੰਸੀ ਵੱਲੋਂ ਕਿੜ ਕੱਢਣ ਵਾਲੇ ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਤੱਤਾਂ ਦੇ ਖਾਤਿਆਂ/ਲਿੰਕਜ਼ ਨੂੰ ਬਲੌਕ ਕਰਨ ਲਈ ਮਾਮਲਾ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਈਬਰ ਲਾਅ ਡਿਵੀਜ਼ਨ ਕੋਲ ਉਠਾਇਆ ਗਿਆ ਜਿਸ ਦੇ ਚੱਲਦਿਆਂ ਹੁਣ ਤੱਕ 108 ਖਾਤੇ/ਲਿੰਕ ਬਲੌਕ ਕਰ ਦਿੱਤੇ ਗਏ। ਉਨਾਂ ਕਿਹਾ ਕਿ ਹੋਰ ਖਾਤਿਆਂ ਨੂੰ ਬਲੌਕ ਕਰਨ ਦੀ ਉਡੀਕ ਹੈ।
ਸ੍ਰੀ ਗੁਪਤਾ ਨੇ ਦੱਸਿਆ ਕਿ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਸਮਰੱਥ ਅਥਾਰਟੀਆਂ ਨੂੰ ਖਾਤਾ ਧਾਰਕਾਂ ਬਾਰੇ ਸੂਚਨਾ ਦੇਣ ਦੀ ਬੇਨਤੀ ਕੀਤੀ ਹੈ। ਉਨਾਂ ਕਿਹਾ ਕਿ ਖਾਤਾ ਧਾਰਕਾਂ ਦੀ ਸੂਚਨਾ ਮਿਲਦੇ ਹੀ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 ਤੇ ਆਈ.ਪੀ.ਸੀ. ਦੀਆਂ ਸਬੰਧਤ ਧਾਰਵਾਂ ਤਹਿਤ ਸ਼ਰਾਰਤੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਆਰੰਭੀ ਜਾਵੇਗੀ।
ਸਾਈਬਰ ਕਰਾਈਮ ਸੈੱਲ ਪੰਜਾਬ ਦੇ ਬਿਊਰੋ ਆਫ ਇਨਵੈਸਟੀਗੇਸ਼ਨਜ਼ ਦੇ ਡਾਇਰੈਕਟਰ ਅਰਪਿਤ ਸ਼ੁਕਲਾ ਨੇ ਲੋਕਾਂ ਨੂੰ ਸੂਬੇ ਵਿੱਚ ਜਨਤਕ ਵਿਵਸਥਾ ਦੀ ਸੁਰੱਖਿਆ ਅਤੇ ਰਾਖੀ ਦੇ ਹਿੱਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਿਸੇ ਵੀ ਤਰਾਂ ਦੀਆਂ ਗੈਰ-ਪ੍ਰਮਾਣਿਕ/ਗੈਰ-ਅਧਿਕਾਰਤ ਪੋਸਟਾਂ, ਖਬਰਾਂ, ਵੀਡੀਓਜ਼ ਅਤੇ ਹੋਰ ਸਬੰਧਤ ਸਮੱਗਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਫ਼ਰਤ, ਗਲਤ ਜਾਣਕਾਰੀ ਅਤੇ ਅਸ਼ਾਂਤੀ ਪੈਦਾ ਕਰਨ ਦੇ ਇਰਾਦੇ ਨਾਲ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਅਤੇ ਝੂਠੀਆਂ/ਕਿੜ ਕੱਢਣ ਵਾਲੀਆਂ ਵੀਡੀਓਜ਼ ਜਾਰੀ ਕੀਤੇ ਜਾਣ ਦਰਮਿਆਨ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
      ਅਜਿਹੇ ਅਨਸਰਾਂ ਦੁਆਰਾ ‘ਕੋਵਿਡ-19 ਦੌਰਾਨ ਮਨੁੱਖੀ ਅੰਗਾਂ ਦਾ ਕਾਰੋਬਾਰ’ ਦੇ ਨਾਂ ਹੇਠ ਲੋਕਾਂ ਨੂੰ ਭੜਕਾਉਣ ਲਈ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਲੋਕਾਂ ਨੂੰ ਗਲਤ ਢੰਗ ਨਾਲ ਕੋਰੋਨਾ ਪਾਜ਼ੇਟਿਵ ਠਹਿਰਾਅ ਰਹੇ ਹਨ ਅਤੇ ਉਨਾਂ ਵੱਲੋਂ ਵਿੱਤੀ ਲਾਭ ਲਈ ਅੰਗ ਕੱਢੇ ਜਾ ਰਹੇ ਹਨ। ਸੋਸ਼ਲ ਮੀਡੀਆ ’ਤੇ ਇਨਾਂ ਬੇਹੂਦਾ ਪੋਸਟਾਂ/ਵੀਡੀਓਜ਼ ਨੇ ਨਾ ਸਿਰਫ ਸੂਬਾ ਸਰਕਾਰ ਅਤੇ ਡਾਕਟਰਾਂ ਦੇ ਅਕਸ ਨੂੰ ਢਾਹ ਲਾਈ ਹੈ ਸਗੋਂ ਲੋਕਾਂ ਨੂੰ ਵੱਖ-ਵੱਖ ਸਿਹਤ ਕੇਂਦਰ ਤੋਂ ਕੋਵਿਡ ਲਈ ਟੈਸਟਿੰਗ ਅਤੇ ਇਲਾਜ ਕਰਵਾਉਣ ਤੋਂ ਵੀ ਨਿਰਾਸ਼ ਕੀਤਾ ਜਾ ਰਿਹਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਜਿਹੀਆਂ ਝੂਠੀਆਂ ਪੋਸਟਾਂ/ਵੀਡੀਓਜ਼ ਨਾਲ ਗੁੰਮਰਾਹ ਹੋਏ ਲੋਕਾਂ ਵੱਲੋਂ ਟੈਸਟਿੰਗ ਲਈ ਦੇਰੀ ਕਰਨ ਨਾਲ ਮੌਤਾਂ ਹੋਣ ’ਤੇ ਵਾਰ-ਵਾਰ ਚਿੰਤਾ ਜ਼ਾਹਰ ਕੀਤੀ ਗਈ ਕਿਉਂ ਜੋ ਇਹ ਲੋਕ ਟੈਸਟਿੰਗ ਅਤੇ ਇਲਾਜ ਲਈ ਹਸਪਤਾਲਾਂ ਵਿੱਚ ਨਹੀਂ ਜਾ ਰਹੇ।
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਨੇ ਸਮਾਜ ਵਿੱਚ ਗਲਤ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਲਈ ਜ਼ਿੰਮੇਵਾਰ ਅਨਸਰਾਂ ਨਾਲ ਨਿਪਟਣ ਲਈ ਮੁਹਿੰਮ ਚਲਾਈ ਹੋਈ ਹੈ।

Share