ਪੰਜਾਬ ਨਾਲੋਂ ਦਿੱਲੀ ‘ਚ ਹਾਲਾਤ ਕਿਤੇ ਵੱਧ ਖਰਾਬ: ਕੈਪਟਨ

566
Share

ਚੰਡੀਗੜ੍ਹ, 11 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਆਖਿਆ ਕਿ ਮਹਾਮਾਰੀ ਦੇ ਮਾਮਲੇ ‘ਚ ਪੰਜਾਬ ਨਾਲੋਂ ਦਿੱਲੀ ‘ਚ ਹਾਲਾਤ ਕਿਤੇ ਵੱਧ ਖਰਾਬ ਹਨ ਪਰ ‘ਆਪ’ ਪੰਜਾਬ ‘ਚ ਮਹਾਮਾਰੀ ਦੇ ਨਾਂ ‘ਤੇ ਘਟੀਆ ਸਿਆਸਤ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 2.90 ਕਰੋੜ ਦੀ ਆਬਾਦੀ ‘ਚ 18,000 ਸਰਗਰਮ ਕੇਸ ਹਨ, ਜਦੋਂਕਿ 1.80 ਕਰੋੜ ਦੀ ਆਬਾਦੀ ਵਾਲੀ ਦਿੱਲੀ ਵਿੱਚ ਅਜਿਹੇ ਕੇਸਾਂ ਦੀ ਗਿਣਤੀ 25,000 ਤੋਂ ਵੀ ਵੱਧ ਹੈ। ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨਾਲ ਕੋਵਿਡ-19 ਬਾਰੇ ਵਰਚੁਅਲ ਮੀਟਿੰਗ ਦੌਰਾਨ ਕਿਹਾ ਕਿ ‘ਆਪ’ ਨੂੰ ਪੰੰਜਾਬ ਵਿੱਚ ਨਕਾਰਾਤਮਕ ਪ੍ਰਚਾਰ ਕਰਨ ਦੀ ਥਾਂ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਨ੍ਹਾਂ ਸੂਬਿਆਂ ਵਿੱਚ ਵੀ ਮਦਦ ਕਰ ਰਹੀ ਹੈ ਜਿੱਥੇ ਪਾਰਟੀ ਦੀਆਂ ਸਰਕਾਰਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਨੂੰ ਉਨ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਅੱਗੇ ਹੋ ਕੇ ਪੇਸ਼ਕਸ਼ ਕਰਨਗੇ।


Share