ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਗੱਫ਼ਾ

95
Share

-ਤਨਖ਼ਾਹਾਂ ਤੇ ਪੈਨਸ਼ਨਾਂ ਦੋ ਗੁਣਾਂ ਵਾਧੇ ਨਾਲ 2016 ਤੋਂ ਲਾਗੂ ਕਰਨ ਦੀ ਸਿਫ਼ਾਰਿਸ਼
ਚੰਡੀਗੜ੍ਹ, 4 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਦੇ 6ਵੇਂ ਤਨਖ਼ਾਹ ਕਮਿਸ਼ਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਗੱਫ਼ਾ ਦਿੰਦਿਆਂ ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੋ ਗੁਣਾਂ ਤੋਂ ਵੱਧ ਵਾਧੇ ਨਾਲ ਘੱਟੋ- ਘੱਟ ਤਨਖ਼ਾਹ 6950 ਰੁਪਏ ਤੋਂ 18000 ਰੁਪਏ ਪ੍ਰਤੀ ਮਹੀਨਾ ਕਰ ਕੇ ਪਹਿਲੀ ਜਨਵਰੀ 2016 ਤੋਂ ਲਾਗੂ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਕਮਿਸ਼ਨ ਨੇ ਤਨਖ਼ਾਹ ਅਤੇ ਹੋਰ ਲਾਭਾਂ ਵਿੱਚ ਵੱਡੇ ਵਾਧੇ ਅਤੇ ਸਰਕਾਰੀ ਮੁਲਾਜ਼ਮਾਂ ਦੇ ਭੱਤਿਆਂ ’ਚ ਚੰਗਾ-ਖ਼ਾਸਾ ਵਾਧਾ ਕਰਨ ਦਾ ਵੀ ਸੁਝਾਅ ਦਿੱਤਾ ਹੈ। 5ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤੋਂ 2.59 ਗੁਣਾਂ ਵਾਧੇ ਨਾਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਵਿਚ ਔਸਤਨ ਵਾਧਾ 20 ਫ਼ੀਸਦੀ ਦੇ ਲਗਭਗ ਰਹਿਣ ਦੀ ਉਮੀਦ ਹੈ। 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਕ, ਸਾਰੇ ਵੱਡੇ ਭੱਤਿਆਂ ਨੂੰ ਸੋਧ ਕੇ 1.5 ਗੁਣਾਂ ਤੋਂ 2 ਗੁਣਾਂ ਵਧਾਉਣ ਦੀ ਤਜਵੀਜ਼ ਹੈ। ਹਾਲ ਹੀ ਵਿਚ, ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਗਈ ਸੀ। ਰਿਪੋਰਟ ਨੂੰ ਇਸ ਮਹੀਨੇ ਕੈਬਨਿਟ ਵਿਚ ਪੇਸ਼ ਕਰਨ ਤੋਂ ਪਹਿਲਾਂ ਵਿਸਥਾਰਿਤ ਅਧਿਐਨ ਲਈ ਵਿੱਤ ਵਿਭਾਗ ਕੋਲ ਭੇਜਿਆ ਗਿਆ ਹੈ। ਵਿਧਾਨ ਸਭਾ ਵਿਚ ਸਰਕਾਰ ਦੇ ਵਾਅਦੇ ਮੁਤਾਬਕ ਇਸ ਰਿਪੋਰਟ ਨੂੰ ਇਸ ਸਾਲ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਜਾਣਾ ਹੈ।

Share