ਪੰਜਾਬ ਦੇ ਹੋਟਲਾਂ ‘ਚ ਇਕਾਂਤਵਾਸ ਕੀਤੇ ਪ੍ਰਵਾਸੀ ਪੰਜਾਬੀਆਂ ਨੂੰ ਔਖ ਭਰੇ ਦਿਨਾਂ ਦਾ ਕਰਨਾ ਪੈ ਰਿਹੈ ਸਾਹਮਣਾ

943
Share

-ਹੋਟਲਾਂ ‘ਚ ਖਾਣੇ ਅਤੇ ਪਾਣੀ ਦਾ ਤਾਰਨਾ ਪੈ ਰਿਹੈ ਵੱਧ ਮੁੱਲ
ਚੰਡੀਗੜ੍ਹ, 29 ਮਈ (ਪੰਜਾਬ ਮੇਲ)-ਪੰਜਾਬ ਦੇ ਹੋਟਲਾਂ ਵਿਚ ਇਕਾਂਤਵਾਸ ਕੀਤੇ ਪੰਜਾਬੀਆਂ ਨੂੰ ਔਖ ਭਰੇ ਦਿਨ ਹੀ ਨਹੀਂ ਦੇਖਣੇ ਪੈ ਰਹੇ ਸਗੋਂ ਮਹਿੰਗਾ ਮੁੱਲ ਵੀ ਤਾਰਨਾ ਪੈਂਦਾ ਹੈ। ਅਮਰੀਕਾ ਤੋਂ ਪੰਜਾਬ ਆ ਕੇ ਪਟਿਆਲਾ ਦੇ ਇਕ ਹੋਟਲ ਵਿਚ ਇਕ ਹਫ਼ਤੇ ਦਾ ਇਕਾਂਤਵਾਸ ਕੱਟ ਕੇ ਆਏ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਹੋਟਲਾਂ ਵਿਚ ਇਕ ਤਰ੍ਹਾਂ ਕੈਦੀਆਂ ਵਾਲੀ ਜ਼ਿੰਦਗੀ ਹੀ ਬਤੀਤ ਕਰਨੀ ਪੈ ਰਹੀ ਹੈ। ਡਾਕਟਰ ਗਰਗ ਅਤੇ ਉਨ੍ਹਾਂ ਦੀ ਪਤਨੀ ਮਈ ਦੇ ਦੂਜੇ ਹਫ਼ਤੇ ‘ਚ ਅਮਰੀਕਾ ਤੋਂ ਪਰਤੇ ਸਨ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਦੀ ਲੁੱਟ ਜਹਾਜ਼ ਚੜ੍ਹਦਿਆਂ ਹੀ ਸ਼ੁਰੂ ਹੋ ਜਾਂਦੀ ਹੈ। ਜਹਾਜ਼ ਦੀਆਂ ਟਿਕਟਾਂ ਇਹ ਦਲੀਲ ਦੇ ਕੇ ਮਹਿੰਗੀਆਂ ਵੇਚੀਆਂ ਗਈਆਂ ਕਿ ਸਰੀਰਕ ਦੂਰੀ ਦੇ ਮਾਪਦੰਡਾਂ ਨੂੰ ਅਪਨਾਉਣ ਲਈ ਵਿਚਕਾਰਲੀ ਸੀਟ ਖਾਲੀ ਛੱਡੀ ਜਾਵੇਗੀ, ਜਦੋਂ ਕਿ ਜਹਾਜ਼ ਚੜ੍ਹਨ ਤੋਂ ਬਾਅਦ ਅਜਿਹਾ ਕੁਝ ਵੀ ਨਹੀਂ ਹੋਇਆ। ਏਅਰ ਇੰਡੀਆ ਨੇ ਅਮਰੀਕਾ ਤੇ ਕੈਨੇਡਾ ਤੋਂ ਆਉਣ ਅਤੇ ਭਾਰਤ ਤੋਂ ਇਨ੍ਹਾਂ ਦੋਵਾਂ ਮੁਲਕਾਂ ਨੂੰ ਜਾਣ ਵਾਲਿਆਂ ਤੋਂ ਪ੍ਰਤੀ ਟਿਕਟ ਇਕ ਲੱਖ ਰੁਪਏ ਤੋਂ ਲੈ ਕੇ 1 ਲੱਖ 40 ਹਜ਼ਾਰ ਰੁਪਏ ਤੱਕ ਵਸੂਲ ਕੀਤੇ ਹਨ ਪਰ ਜਹਾਜ਼ ਵਿਚ ਕੋਈ ਸਹੂਲਤ ਨਹੀਂ ਦਿੱਤੀ ਗਈ। ਸਾਧਾਰਨ ਦਿਨਾਂ ਵਿਚ ਕੈਨੇਡਾ ਅਤੇ ਅਮਰੀਕਾ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ 60 ਹਜ਼ਾਰ ਤੋਂ 80 ਹਜ਼ਾਰ ਰੁਪਏ ਤੱਕ ਖ਼ਰਚ ਕਰ ਕੇ ਜਾਣ ਅਤੇ ਆਉਣ ਦੀ ਟਿਕਟ ਮਿਲ ਜਾਂਦੀ ਹੈ।
ਡਾਕਟਰ ਗਰਗ ਨੇ ਦੱਸਿਆ ਕਿ ਪਾਣੀ ਦੀ ਜੋ ਬੋਤਲ 20 ਰੁਪਏ ਦੀ ਮਿਲਦੀ ਹੈ, ਹੋਟਲ ਵਿਚ ਉਸ ਦੀ ਕੀਮਤ 60 ਰੁਪਏ ਪ੍ਰਤੀ ਲਿਟਰ ਵਸੂਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਧਾਰਨ ਖਾਣੇ ਦੇ ਪੈਸੇ ਵੀ ਪਾਣੀ ਵਾਂਗ ਜ਼ਿਆਦਾ ਵਸੂਲ ਕੀਤੇ ਜਾਂਦੇ ਹਨ। ਕਮਰੇ ਦਾ ਕਿਰਾਇਆ ਇਸ ਤੋਂ ਵੱਖਰਾ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਸੇਧਾਂ ਤੋਂ ਬਾਅਦ ਜਦੋਂ ਟੈਸਟ ਨੈਗੇਟਿਵ ਆਇਆ ਤਾਂ ਪੰਜਾਬ ਸਰਕਾਰ ਨੇ 7 ਦਿਨਾਂ ਦਾ ਇਕਾਂਤਵਾਸ ਕੱਟਣ ਲਈ ਘਰ ਭੇਜ ਦਿੱਤਾ। ਡਾਕਟਰ ਗਰਗ ਨੇ ਦੱਸਿਆ ਕਿ ਰਿਹਾਇਸ਼ ਕਿਉਂਕਿ ਚੰਡੀਗੜ੍ਹ ਸ਼ਹਿਰ ਵਿਚ ਹੈ, ਇਸ ਲਈ ਪਟਿਆਲਾ ਤੋਂ ਜਦੋਂ ਚੰਡੀਗੜ੍ਹ ਘਰ ਪਹੁੰਚ ਗਏ ਤਾਂ ਵੱਖਰੀ ਕਿਸਮ ਦੀ ਸਮੱਸਿਆ ਖੜ੍ਹੀ ਹੋ ਗਈ। ਉਨ੍ਹਾਂ ਕਿਹਾ, ”ਪੁਲਿਸ ਵੱਲੋਂ ਅਪਰਾਧੀਆਂ ਵਾਂਗ ਸਾਡੀ ਸੂਹ ਲਈ ਜਾ ਰਹੀ ਹੈ ਅਤੇ ਬਿਨਾਂ ਮਤਲਬ ਤੋਂ ਖੌਫ਼ ਪੈਦਾ ਕੀਤਾ ਜਾ ਰਿਹਾ ਹੈ। ਜਦੋਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ ਅਤੇ ਟੈਸਟ ਵੀ ਨੈਗੇਟਿਵ ਹੈ ਤਾਂ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਵਿਦੇਸ਼ ਤੋਂ ਆਉਣ ਵਾਲੇ ਪੰਜਾਬੀਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਹੈ।”

ਪੰਜਾਬ ਤੋਂ ਕੈਨੇਡਾ ਜਾਣ ਵਾਲੇ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਕੈਨੇਡਾ ਪਹੁੰਚਣ ‘ਤੇ ਹਰੇਕ ਵਿਅਕਤੀ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਤੇ ਜੇਕਰ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਤਾਂ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀ ਨੂੰ ਘਰ ਵਿਚ ਹੀ ਕੁਆਰੰਟਾਈਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਜਾਂਦਾ ਹੈ। ਕੈਨੇਡਾ ਪੁਲਿਸ ਵੱਲੋਂ ਬਾਹਰੋਂ ਆਉਣ ਵਾਲੇ ਅਤੇ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਗੁਪਤ ਤੌਰ ‘ਤੇ ਸੂਹ ਜ਼ਰੂਰ ਰੱਖੀ ਜਾਂਦੀ ਹੈ ਅਤੇ ਵਿਅਕਤੀਆਂ ਨੂੰ ਲੁੱਟ ਦਾ ਸ਼ਿਕਾਰ ਨਹੀਂ ਹੋਣਾ ਪੈਂਦਾ ਹੈ।


Share