‘ਪੰਜਾਬ ਦੇ ਰਾਜਨੀਤਿਕ ਤੇ ਆਰਥਿਕ ਸਥਿਤੀ’ ਵਿਸ਼ੇ ‘ਤੇ ਕੌਮਾਂਤਰੀ ਵੈੱਬਨਾਰ ‘ਚ ਵਿਦਵਾਨਾਂ ਨੇ ਕੀਤੀ ਭਰਪੂਰ ਚਰਚਾ

352
Share

-ਫਿਲਹਾਲ ਤਾਂ ਪੰਜਾਬ ਦੇ ਰਾਜਨੀਤਿਕ ਬਦਲਾਅ ਅਤੇ ਆਰਥਕ ਸੰਕਟ ‘ਚੋਂ ਨਿਕਲਣ ਦੀ ਕੋਈ ਵੀ ਸੰਭਾਵਨਾ ਨਹੀਂ : ਡਾ. ਐੱਸ.ਪੀ. ਸਿੰਘ
ਲੰਡਨ, 19 ਅਗਸਤ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ਕਰੋਨਾ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਪੰਜਾਬ ਦੇ ਮੁੱਦਿਆਂ ਬਾਰੇ ਆਪਣੀ ਨਾਕਾਮੀ ਲੁਕਾਉਣ ਤੇ ਲੋਕਾਂ ਦਾ ਧਿਆਨ ਇਸ ਤੋਂ ਭਟਕਾਉਣ ਅਤੇ ਇਸ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਕਰੋਨਾ ਨੂੰ ਢਾਲ ਤੇ ਹਥਿਆਰ ਵਜੋਂ ਵਰਤ ਰਹੀ ਹੈ।
ਜਿਸ ਤਰ੍ਹਾਂ ਇਸ ਵੇਲੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਲਈ ਕੋਈ ਵੱਡੀ ਰਾਜਨੀਤਿਕ ਚੁਣੌਤੀ ਨਹੀਂ, ਉਸੇ ਤਰ੍ਹਾਂ ਪੰਜਾਬ ਵਿਚ ਵੀ ਸਰਕਾਰ ਤੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੂੰ ਕੋਈ ਰਾਜਨੀਤਿਕ ਚੁਣੌਤੀ ਨਹੀ। ”ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿਚ ਕਰੋਨਾ ਕਾਲ ‘ਚ ਪੰਜਾਬ ‘ਚ ਰਾਜਨੀਤਿਕ ਤੇ ਆਰਥਿਕ ਵਿਸ਼ੇ ‘ਤੇ ਕਰਵਾਏ ਕੌਮਾਂਤਰੀ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਡਾ. ਐੱਸ.ਪੀ. ਸਿੰਘ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਹਿਣਾ ਸੀ ਕਿ ਪੰਜਾਬ ਇਸ ਵੇਲੇ ਗੰਭੀਰ ਰਾਜਨੀਤਿਕ ਤੇ ਆਰਥਿਕ ਸੰਕਟ ‘ਚੋਂ ਲੰਘ ਰਿਹਾ ਹੈ। ਬੇਕਾਰੀ, ਨਸ਼ਾਖੋਰੀ, ਵੱਖ-ਵੱਖ ਮਾਫੀਆ, ਟੱਟ ਰਹੀ ਕਿਸਾਨੀ, ਬੇਅਦਬੀ ਤੇ ਆਰਥਕ ਸੰਕਟ ਵੱਡੇ ਮੁੱਦੇ ਹਨ। ਆਕਾਲੀ ਦਲ ਤੇ ਆਮ ਆਦਮੀ ਪਾਰਟੀ ਇਨ੍ਹਾਂ ਮੁੱਦਿਆਂ ਬਾਰੇ ਸਰਕਾਰ ਦੀ ਜੁਆਬਦੇਹੀ ਲਈ ਕੋਈ ਵੀ ਵੱਡੀ ਜਨਤਕ ਚੁਣੌਤੀ ਖੜ੍ਹੀ ਨਹੀਂ ਕਰ ਸਕੇ।
ਡਾ. ਸਿੰਘ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵਲੋਂ ਖੜ੍ਹੇ ਕੀਤੇ ਰਾਜਨੀਤਿਕ ਸੰਕਟ ‘ਚੋਂ ਅਕਾਲੀ ਦਲ ਨਿਕਲ ਰਿਹਾ ਪਰ ਬੇਅਦਬੀ, ਮਾਫੀਆਤੰਤਰ, ਕਿਸਾਨੀ, ਜੁਆਨੀ ਤੇ ਪੰਜਾਬ ਦੇ ਮੁੱਦਿਆਂ ਬਾਰੇ ਉਨ੍ਹਾਂ ਦੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਉਸ ਲਈ ਵੱਡੀ ਪ੍ਰੇਸ਼ਾਨੀ ਹੈ, ਆਮ ਆਦਮੀ ਪਾਰਟੀ ਵੀ ਅੰਦਰੂਨੀ ਸੱਤਾ ਭੇੜ ਤੇ ਗੁੱਟਬੰਦੀ ‘ਚੋਂ ਨਿਕਲ ਨਹੀਂ ਸਕੀ। ਅਕਾਲੀ ਦਲ ਟਕਸਾਲੀ ਵੀ ਆਪਣੀ ਸਿਆਸੀ ਹੋਂਦ ਦਿਖਾਉਣੋਂ ਖੁੰਝ ਗਿਆ ਹੈ। ਅੰਦਰੂਨੀ ਗੁੱਟਬੰਦੀ ਦੀ ਚੁਣੌਤੀ ਦੇ ਬਾਵਜੂਦ ਕਪਤਾਨ ਅਮਰਿੰਦਰ ਸਿੰਘ ਮਜ਼ਬੂਤ ਆਗੂ ਹੈ ਤੇ ਕਾਂਗਰਸ ਵੀ ਚੁਣੌਤੀ ਮੁਕਤ ਹੈ।
ਪੰਜਾਬ ਦੀ ਆਰਥਿਕਤਾ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਕਰੋਨਾ ਕਾਰਨ ਸਰਕਾਰ ਦੀ ਲੀਹੋਂ ਲੱਥੀ ਆਰਥਿਕਤਾ ਮੁੜ ਲੀਹ ‘ਤੇ ਆ ਰਹੀ ਹੈ। ਮੁੱਖ ਮੰਤਰੀ ਖੁਦ ਇਕ ਫੌਜੀ ਜਰਨੈਲ ਵਾਂਗ ਕੰਮ ਕਰ ਰਿਹਾ ਹੈ, ਖਾਸ ਕਰਕੇ ਕਰੋਨਾ ਬੀਮਾਰੀ ਨਾਲ ਨਜਿੱਠਣ ਲਈ ਉਹ ਵਧੀਆ ਅਗਵਾਈ ਦੇ ਰਿਹਾ ਹੈ। ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਅੱਗੇ ਦੱਸਿਆ ਕਿ ਵੈੱਬੀਨਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਹਰਜਿੰਦਰ ਵਾਲੀਆ, ਅਵਤਾਰ ਸਿੰਘ ਸ਼ੇਰਗਿੱਲ, ਡਾ. ਗਿਆਨ ਸਿੰਘ, ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਸੁਰਿੰਦਰ ਮਚਾਕੀ, ਚਰਨਜੀਤ ਸਿੰਘ ਗੁਮਟਾਲਾ, ਕੇਹਰ ਸ਼ਰੀਫ ਜਰਮਨੀ, ਐੱਸ.ਐੱਲ. ਵਿਰਦੀ, ਕਮਲਜੀਤ ਸਿੰਘ ਜਵੰਦਾ, ਗਿਆਨ ਸਿੰਘ ਮੋਗਾ ਤੇ ਡਾ. ਆਸਾ ਸਿੰਘ ਘੁੰਮਣ ਨੇ ਮਹੱਤਵਪੂਰਨ ਨੁਕਤੇ ਜੋੜੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਲੋਕ ਸਰੋਕਾਰਾਂ ਲਈ ਵਚਨਬੱਧਤਾ ਦੇ ਰਾਜਨੀਤਿਕ ਖਲਾਅ ਤੇ ਬੇਮੁੱਖਤਾ ਦੇ ਸੰਕਟ ਦੀ ਜਕੜ ਵਿਚ ਹੈ। ਕਾਂਗਰਸ ਤੇ ਅਕਾਲੀ ਦਲ ਦੀ ਰਵਾਇਤੀ ਰਾਜਨੀਤੀ ਦੀ ਵਿਕਲਪਿਕ ਰਾਜਨੀਤੀ ਦੀ ਸੰਕਲਪਧਾਰੀ ਆਮ ਆਦਮੀ ਪਾਰਟੀ ਵੀ ਇਹ ਜਕੜ ਤੋੜਨ ‘ਚ ਨਾਕਾਮ ਹੈ। ਇਸ ਨੇ ਆਮ ਆਦਮੀ ਦੀ ਰਾਜਨੀਤੀ ਤੇ ਰਾਜਨੀਤਿਕਾਂ ਤੋ ਬੇਮੁਖਤਾ ਵਧਾਈ ਹੈ। ਜੇ ਮੁਲਕ ਪੱਧਰੀ ਸਿਆਸਤ ਵਿਚੋਂ ਨਾਗਰਿਕ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ, ਜੰਮੂ-ਕਸ਼ਮੀਰ ਦੀ ਲੋਕਾਂ ਦੀ ਹੋਣੀ, ਧਾਰਾ 370, ਜਮਹੂਰੀ ਹਕੂਕਾਂ ਦਾ ਘਾਣ ਕਰੋਨਾ ਚੁਣੌਤੀ ਤੇ ਕੇਂਦਰ ਸਰਕਾਰ ਦੀ ਭੰਬਲਭੂਸਾ ਨੀਤੀ ਅਤੇ ਲੋਕ ਦੁੱਖੜੇ ਸਮੇਤ ਬਹੁਤ ਸਾਰੇ ਮੁੱਦੇ ਗਾਇਬ ਕਰ ਦਿੱਤੇ ਹਨ, ਤਾਂ ਪੰਜਾਬ ਵਿਚ ਵੀ ਇਹੋ ਵਰਤਾਰਾ ਹੈ। ਇਥੋਂ ਦੀ ਸਿਆਸਤ ਵਿਚੋਂ ਵੀ ਰੁਜ਼ਗਾਰ, ਪ੍ਰਵਾਸ, ਕੁਦਰਤੀ ਸਾਧਨਾਂ ਤੇ ਖਜ਼ਾਨੇ ਦੀ ਮਾਫੀਆ ਲੁੱਟ, ਨਿਘਰ ਰਿਹਾ ਅਰਥਚਾਰਾ, ਪਾਣੀਆਂ, ਬੋਲੀ, ਰਾਜਾਂ ਦੇ ਵੱਧ ਅਧਿਕਾਰ ਸਮੇਤ ਸੱਭਿਆਚਾਰਕ ਬਹੁਤ ਸਾਰੇ ਲੋਕਾਂ ਨਾਲ ਨੇੜਿਓਂ ਜੁੜੇ ਮੁੱਦੇ ਗਾਇਬ ਕਰ ਦਿੱਤੇ ਹਨ।
ਲੋਕ ਮੁੱਦਿਆਂ ਬਾਰੇ ਜੋ ਭੂਮਿਕਾ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਖਾਸ ਕਰਕੇ ਖੱਬੀਆਂ ਧਿਰਾਂ ਨੂੰ ਨਿਭਾਉਣੀ ਚਾਹੀਦੀ ਹੈ, ਉਹ ਜਨਤਕ ਜਥੇਬੰਦੀਆਂ ਨਿਭਾ ਰਹੀਆਂ ਹਨ। ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਵੀ ਪੰਜਾਬ ਆਰਥਿਕ ਸੰਕਟ ਦਾ ਹਕੀਕੀ ਤੇ ਸਥਾਈ ਹੱਲ ਸੁਝਾਉਣ ਦੀ ਬਜਾਏ ਸਭ ਕੁੱਝ ਨਿੱਜੀਕਰਨ ਦੀ ਹੀ ਸਲਾਹ ਦਿੰਦੀ ਹੈ। ਇਸ ‘ਤੇ ਅਮਲ ਇਸ ਸੰਕਟ ਨੂੰ ਹੋਰ ਵੀ ਡੂੰਘਾ ਤੇ ਚੌੜਾ ਕਰੇਗਾ।
ਉਠਾਏ ਨੁਕਤਿਆਂ ‘ਤੇ ਸੁਆਲਾਂ ਦਾ ਜੁਆਬ ਦਿੰਦਿਆਂ ਡਾ. ਸਿੰਘ ਦਾ ਸਪੱਸ਼ਟ ਕਹਿਣਾ ਸੀ ਕਿ ਫਿਲਹਾਲ ਤਾਂ ਪੰਜਾਬ ਦੇ ਰਾਜਨੀਤਿਕ ਬਦਲਾਅ ਅਤੇ ਆਰਥਿਕ ਸੰਕਟ ‘ਚੋਂ ਨਿਕਲਣ ਦੀ ਕੋਈ ਵੀ ਸੰਭਾਵਨਾ ਨਹੀਂ। ਉਨ੍ਹਾਂ ਕੇਂਦਰੀ ਸਰਕਾਰ ਵਲੋਂ ਕਰਜ਼ਾ ਮੁਆਫੀ ਜਾਂ ਕੋਈ ਹੋਰ ਆਰਥਿਕ ਪੈਕੇਜ ਮਿਲਣ ਦੀ ਸੰਭਾਵਨਾ ਵੀ ਖਾਰਜ ਕਰਦਿਆਂ ਕਿਹਾ ਕਿ ਜੇ ਪੰਜਾਬ ਪੱਖੀ ਕਹੇ ਜਾਂਦੇ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਅਤੇ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਨਹੀਂ ਇਹ ਹੋਇਆ ਤਾਂ ਹੁਣ ਦੀ ਸਰਕਾਰ ਵੇਲੇ ਵੀ ਹੋਣ ਦੀ ਸੰਭਾਵਨਾ ਨਹੀਂ।
ਵੈੱਬੀਨਾਰ ਚਰਚਾ ਨੂੰ ਅੱਗੇ ਤੋਰਨ ਤੇ ਮੁੱਲਵਾਨ ਬਣਾਉਣ ਵਿਚ ਡਾ. ਗੁਰਚਰਨ ਨੂਰਪੁਰ, ਜੀ.ਐੱਸ. ਗੁਰਦਿੱਤ, ਬੇਅੰਤ ਕੌਰ ਗਿੱਲ, ਐਡਵੋਕੇਟ ਦਰਸ਼ਨ ਸਿੰਘ, ਰਵਿੰਦਰ ਸਿੰਘ ਚੋਟ, ਜਗਦੀਪ ਸਿੰਘ ਕਾਹਲੋਂ, ਮਲਕੀਤ ਸਿੰਘ ਅਪਰਾ, ਦੀਦਾਰ ਸ਼ੇਤਰਾ, ਰਣਜੀਤ ਸਿੰਘ ਧੀਰ ਯੂ.ਕੇ., ਬੰਸੋ ਦੇਵੀ, ਮਨਦੀਪ ਸਿੰਘ, ਪਰਗਟ ਸਿੰਘ ਰੰਧਾਵਾ ਨੇ ਵੀ ਅਹਿਮ ਭੂਮਿਕਾ ਨਿਭਾਈ। ਤਕਨੀਕੀ ਤੌਰ ਉੱਤੇ ਸੰਚਾਲਨ ਕਰਨ ਦੀ ਭੂਮਿਕਾ ਪਰਵਿੰਦਰ ਜੀਤ ਸਿੰਘ ਨਿਭਾਈ।


Share