ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਨੂੰ ਕੇਂਦਰ ‘ਚ ਡੈਪੁਟੇਸ਼ਨ ‘ਤੇ ਭੇਜਣ ਦੀ ਕੋਈ ਯੋਜਨਾ ਨਹੀਂ : ਕੈਪਟਨ

1029
Share

ਜਲੰਧਰ, 29 ਜੂਨ (ਪੰਜਾਬ ਮੇਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਕੇਂਦਰ ‘ਚ ਡੈਪੁਟੇਸ਼ਨ ‘ਤੇ ਭੇਜਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਸਰਕਾਰ ਉਨ੍ਹਾਂ ਨੂੰ ਬਦਲਣਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ‘ਚ ਦਿਨਕਰ ਗੁਪਤਾ ਦੀ ਚੋਣ ਦੇਸ਼ ਦੇ ਸੀਨੀਅਰ ਅਤੇ ਯੋਗ ਪੁਲਸ ਅਫਸਰਾਂ ਦੀ ਸ਼੍ਰੇਣੀ ‘ਚ ਕੇਂਦਰ ਸਰਕਾਰ ਵਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ‘ਚ ਉਨ੍ਹਾਂ ਦੇ ਡੈਪੁਟੇਸ਼ਨ ‘ਤੇ ਕਿਸੇ ਸੀਨੀਅਰ ਅਹੁਦੇ ‘ਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਨ੍ਹਾਂ ਸਾਰੀਆਂ ਚਰਚਾਵਾਂ ‘ਤੇ ਰੋਕ ਲਗਾ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵੇਂ ਮੁੱਖ ਸਕੱਤਰ ਦੇ ਰੂਪ ‘ਚ ਵਿੰਨੀ ਮਹਾਜਨ ਦੀ ਚੋਣ ਕਰ ਕੇ ਇਕ ਸਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਵਿੰਨੀ ਮਹਾਜਨ ਅਤੇ ਡੀ.ਜੀ.ਪੀ. ਦਿਨਕਰ ਦੋਵੇਂ ਪਤੀ-ਪਤਨੀ ਯੋਗ ਅਫਸਰ ਹਨ ਅਤੇ ਉਨ੍ਹਾਂ ਦੇ ਤਜ਼ਰਬਿਆਂ ਨਾਲ ਸਰਕਾਰ ਨੂੰ ਲਾਭ ਹੋਵੇਗਾ। ਵਿੰਨੀ ਮਹਾਜਨ ਦੀ ਚੋਣ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਲਾਹ ‘ਤੇ ਕੀਤੀ ਗਈ ਹੈ। ਦੋਵੇਂ ਪਤੀ-ਪਤਨੀ ਮੁੱਖ ਮੰਤਰੀ ਦੇ ਨੇੜੇ ਮੰਨੇ ਜਾਂਦੇ ਹਨ। ਇਸ ਲਈ ਮੁੱਖ ਮੰਤਰੀ ਨੇ ਆਪਣੇ ਨੇੜਲੇ ਅਧਿਕਾਰੀਆਂ ਦਾ ਹਮੇਸ਼ਾ ਬਚਾਅ ਕੀਤਾ ਹੈ। ਦੋਵੇਂ ਪਤੀ-ਪਤਨੀ ਦਾ ਅਕਸ ਵੀ ਬਿਹਤਰ ਹੈ ਅਤੇ ਕੋਰੋਨਾ ਵਾਇਰਸ ਦੌਰਾਨ ਜਿਥੇ ਡੀ.ਜੀ.ਪੀ. ਗੁਪਤਾ ਨੇ ਪੁਲਿਸ ਫੋਰਸ ਨੂੰ ਲਗਾਤਾਰ ਪ੍ਰਭਾਵਸ਼ਾਲੀ ਢੰਗ ਨਾਲ ਲਾਕਡਾਊਨ ਨੂੰ ਸਫਲ ਬਣਾਇਆ ਉਥੇ ਹੀ ਦੂਜੇ ਪਾਸੇ ਵਿੰਨੀ ਮਹਾਜਨ ਨੇ ਸਿਹਤ ਖੇਤਰ ‘ਚ ਅਹਿਮ ਯੋਗਦਾਨ ਪਾਇਆ। ਇਸ ਲਈ ਦੋਵੇਂ ਅਧਿਕਾਰੀ ਮੁੱਖ ਮੰਤਰੀ ਦੇ ਪਸੰਦੀਦਾ ਅਧਿਕਾਰੀਆਂ ‘ਚ ਮੰਨੇ ਜਾਂਦੇ ਹਨ।


Share