ਪੰਜਾਬ ਦੇ ਭਾਜਪਾ ਨੇਤਾਵਾਂ ਜਿਆਣੀ ਤੇ ਗਰੇਵਾਲ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

532
Share

* ਪੰਜਾਬ ਨਾਲ ਸਬੰਧਤ ਮੁੱਦਿਆਂ ਬਾਰੇ ਹੋਈ ਗੱਲਬਾਤ
ਨਵੀਂ ਦਿੱਲੀ, 6 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸ਼੍ਰੀ ਜਿਆਣੀ ਪਿਛਲੇ ਸਾਲ ਪੰਜਾਬ ਵਿਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਭਾਜਪਾ ਦੀ ਕਿਸਾਨ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸਨ। ਹਰਜੀਤ ਗਰੇਵਾਲ ਕਮੇਟੀ ਦੇ ਮੈਂਬਰ ਸਨ। ਸ਼੍ਰੀ ਗਰੇਵਾਲ ਨੇ ਕਿਹਾ ਕਿ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਹੈ ਪਰ ਉਨ੍ਹਾਂ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਦੇ ਭਾਜਪਾ ਆਗੂਆਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਉਸ ਸਮੇਂ ਹੋਈ ਹੈ, ਜਦੋਂ ਇਕ ਦਿਨ ਪਹਿਲਾਂ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ਵਿਚ ਗੱਲਬਾਤ ਦਾ ਦੌਰ ਬੇਸਿੱਟਾ ਰਿਹਾ ਸੀ। ਸ਼੍ਰੀ ਜਿਆਣੀ ਵਿਗਿਆਨ ਭਵਨ ’ਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਹੋਈ ਇਕ ਗੱਲਬਾਤ ਦੌਰਾਨ ਵੀ ਹਾਜ਼ਰ ਰਹੇ ਸਨ। ਉਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼੍ਰੀ ਗਰੇਵਾਲ ਤਾਂ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲਦੇ ਆਏ ਹਨ, ਜਿਸ ਕਰਕੇ ਕਿਸਾਨੀ ਮੰਗਾਂ ਪ੍ਰਤੀ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ ਪਰ ਜੇਕਰ ਉਹ ਜਾਂ ਸ਼੍ਰੀ ਜਿਆਣੀ ਮਸਲਾ ਹੱਲ ਕਰਵਾ ਸਕਦੇ ਹਨ, ਤਾਂ ਕੋਈ ਹਰਜ਼ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ।

Share