ਪੰਜਾਬ ਦੇ ਦੋ ਨਾਮੀ ਜ਼ਿਲ੍ਹਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨਾਲ ਤੋੜਿਆ ਨਾਤਾ

141
Share

ਫ਼ਰੀਦਕੋਟ, 10 ਮਾਰਚ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਸਮਾਜ ਮੋਰਚੇ ਵੱਲੋਂ ਮੈਦਾਨ ’ਚ ਉਮੀਦਵਾਰ ਉਤਾਰੇ ਜਾਣ ਤੋਂ ਖਫ਼ਾ ਹੋਏ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਰਾਜੇਵਾਲ ਨਾਲ ਸੰਬੰਧਿਤ ਚਾਰ ਜ਼ਿਲ੍ਹੇ ਫ਼ਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਦੇ ਅਹੁਦੇਦਾਰਾਂ ਨੇ ਚੋਣਾਂ ਦਾ ਬਾਈਕਾਟ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਵੋਟਾਂ ਦੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਦੇ ਦੋ ਨਾਮੀ ਜ਼ਿਲ੍ਹੇ ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਸਮੇਤ ਇਕਾਈਆਂ ਦੇ ਅਹੁਦੇਦਾਰਾਂ ਨੇ ਫ਼ਰੀਦਕੋਟ ਵਿਖੇ ਵੱਡਾ ਇਕੱਠ ਕਰਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨਾਲੋਂ ਨਾਤਾ ਤੋੜਦੇ ਹੋਏ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਅਸਤੀਫ਼ੇ ਭੇਜਣ ਦਾ ਐਲਾਨ ਕਰ ਦਿੱਤਾ ਹੈ, ਤਾਂ ਜੋ ਸਿਆਸਤ ਦੀ ਬਜਾਏ ਕਿਸਾਨੀ ਹਿੱਤਾਂ ਲਈ ਸੰਘਰਸ਼ ਨੂੰ ਜਾਰੀ ਰੱਖਿਆ ਜਾ ਸਕੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਿੰਦਰ ਸਿੰਘ ਲੰਬੀ ਢਾਬ ਨੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਅਧੀਨ ਆਉਂਦੇ ਕੋਟਕਪੂਰਾ, ਜੈਤੋ ਸਮੇਤ ਸਾਦਿਕ, ਗੋਲੇਵਾਲਾ, ਚਹਿਲ, ਪੱਖੀ, ਨੱਥਲਵਾਲਾ, ਕਾਬਲਵਾਲਾ, ਕਿੰਗਰੇ, ਘੁੱਦੂਵਾਲਾ, ਸ਼ੇਰ ਸਿੰਘ ਵਾਲਾ, ਸੰਗਤਪੁਰਾ, ਮਰਾੜ੍ਹ, ਦੀਪ ਸਿੰਘ ਵਾਲਾ, ਚੰਮੇਲੀ, ਕਿਲਾ ਨੌ, ਰੱਤੀ ਰੋੜੀ, ਹਰੀਏਵਾਲਾ, ਦਾਣਾ ਰੋਮਾਣਾ, ਕੰਮੇਆਣਾ, ਢਿੱਲਵਾਂ, ਸਾਧਾਂਵਾਲਾ, ਘੁਮਿਆਰਾ, ਹੱਸਣਭੱਟੀ, ਝਾੜੀਵਾਲਾ, ਪੱਖੀ ਖੁਰਦ, ਪਿੰਡੀ ਕਾਨਿਆਂਵਾਲੀ, ਕਾਉਣੀ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਪਿੰਡਾਂ ਤਰਖਾਣਵਾਲਾ, ਰੱਤਾ ਖੇੜਾ, ਢਾਣੀਆਂ ਝੋੜ, ਆਲਮਵਾਲਾ, ਡੋਹਕ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਕਜੁੱਟ ਹੋ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਜਬਰੀ ਥੋਪੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੀਆਂ 32 ਅਤੇ ਦੇਸ਼ ਭਰ ਦੀਆਂ 540 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਹੇਠ ਲੰਮਾ ਸਮਾਂ ਸੰਘਰਸ਼ ਲੜ ਕੇ ਕਾਲੇ ਕਾਨੂੰਨ ਰੱਦ ਕਰਵਾ ਕੇ ਕਿਸਾਨਾਂ ਦੀ ਇਕਜੁੱਟਤਾ ਦਾ ਸਬੂਤ ਦਿੱਤਾ ਸੀ, ਪ੍ਰੰਤੂ ਭਾਕਿਯੂ ਰਾਜੇਵਾਲ ਜਥੇਬੰਦੀ ਦੇ ਸਿਆਸਤ ’ਚ ਆਉਣ ਤੋਂ ਕਿਸਾਨ ਖਫ਼ਾ ਸਨ। ਇਸ ਮੌਕੇ ਗੁਰਮੀਤ ਸਿੰਘ ਕਿਲ੍ਹਾ ਨੌ ਜ਼ਿਲ੍ਹਾ ਜਨਰਲ ਸਕੱਤਰ, ਜਸਕਰਨ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਚਮਕੌਰ ਸਿੰਘ ਚੰਮੇਲੀ ਕੋਟਕਪੂਰਾ ਜ਼ਿਲ੍ਹਾ ਮੀਤ ਪ੍ਰਧਾਨ, ਬਲਜਿੰਦਰ ਸਿੰਘ ਮੀਤ ਪ੍ਰਧਾਨ, ਰਛਪਾਲ ਸਿੰਘ ਘੁੱਦੂਵਾਲਾ ਜ਼ਿਲ੍ਹਾ ਪ੍ਰੈੱਸ ਸਕੱਤਰ, ਗੁਰਚਰਨ ਸਿੰਘ ਨੱਥਲਵਾਲਾ ਬਲਾਕ ਪ੍ਰਧਾਨ, ਬੂਟਾ ਸਿੰਘ ਸੰਗਤਪੁਰਾ, ਜਨਰਲ ਸਕੱਤਰ ਬਲਾਕ ਸਾਦਿਕ, ਨਿਸ਼ਾਨ ਸਿੰਘ ਮੋਰਾਂਵਾਲੀ ਬਲਾਕ ਪ੍ਰਧਾਨ ਕੋਟਕਪੂਰਾ, ਗੁਰਪ੍ਰੀਤ ਸਿੰਘ ਢਿੱਲਵਾਂ ਬਲਾਕ ਜੈਤੋ ਸਮੇਤ ਗੁਰਜੰਟ ਸਿੰਘ ਆਲਮਵਾਲਾ, ਕੁਲਵੰਤ ਸਿੰਘ ਆਲਮਵਾਲਾ, ਰਾਜ ਸਿੰਘ, ਜਸਕਰਨ ਸਿੰਘ ਜਨਰਲ ਸਕੱਤਰ, ਗੁਰਜੰਟ ਸਿੰਘ ਕੋਟਲੀ, ਰੁਪਿੰਦਰ ਸਿੰਘ ਢੋਹਕ, ਗੁਰਵਿੰਦਰ ਸਿੰਘ, ਸੰਜੀਵ ਸਿੰਘ, ਬਲਜਿੰਦਰ ਸਿੰਘ, ਚੌਧਰੀ ਪਾਲ ਭਲੇਰੀਆ, ਸਵਰਨ ਸਿੰਘ, ਗੁਰਪਾਲ ਸਿੰਘ, ਜਗਜੀਤ ਸਿੰਘ ਲੱਕੜਵਾਲਾ, ਲੱਖਣਪਾਲ ਸ਼ਰਮਾ, ਨਿੱਕਾ ਸੇਖੋਂ, ਗੁਰਸੇਵਕ ਸਿੰਘ, ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ ਆਦਿ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਤੋਂ ਖਫਾ ਅਨੇਕਾਂ ਜ਼ਿਲ੍ਹਿਆਂ ਦੇ ਅਹੁਦੇਦਾਰ ਅਤੇ ਮੈਂਬਰ ਜਥੇਬੰਦੀ ਨੂੰ ਅਲਵਿਦਾ ਕਹਿਣ ਲਈ ਤਿਆਰੀ ਖਿੱਚੀ ਬੈਠੇ ਹਨ ਅਤੇ ਪੰਜਾਬ ਦੇ ਪੰਜ ਤੋਂ 10 ਜ਼ਿਲ੍ਹੇ ਸਾਡੇ ਸੰਪਰਕ ਵਿਚ ਹਨ, ਜੋ ਜਲਦ ਹੀ ਭਾਕਿਯੂ ਰਾਜੇਵਾਲ ਜਥੇਬੰਦੀ ਨਾਲੋਂ ਨਾਤਾ ਤੋੜ ਕੇ ਭਵਿੱਖ ’ਚ ਕਿਸਾਨੀ ਹੱਕਾਂ ਲਈ ਇਕ ਪਲੇਟਫਾਰਮ ’ਤੇ ਇਕੱਠੇ ਹੋਣਗੇ, ਤਾਂ ਜੋ ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ।

Share