ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 114 ਵਿਅਕਤੀਆਂ ਦੀ ਮੌਤ

332
Share

ਇਕੱਲੇ ਤਰਨਤਾਰਨ ‘ਚ ਹੀ 84 ਤੋਂ ਵੱਧ ਲੋਕਾਂ ਦੀ ਹੋਈ ਮੌਤ
12 ਵਿਅਕਤੀਆਂ ਖ਼ਿਲਾਫ਼ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ‘ਤੇ ਕੇਸ ਦਰਜ
ਕਈ ਲੋਕਾਂ ਨੇ ਗਵਾਈ ਅੱਖਾਂ ਦੀ ਰੌਸ਼ਨੀ
ਮਾਝੇ ਦੇ ਪਿੰਡਾਂ-ਮੁਹੱਲਿਆਂ ‘ਚ ਸ਼ਰੇਆਮ ਵਿਕਦੀਆਂ ਹਨ 20-20 ਰੁਪਏ ਦੀਆਂ ਨਕਲੀ ਸ਼ਰਾਬ ਦੀਆਂ ‘ਥੈਲੀਆਂ’

ਤਰਨ ਤਾਰਨ, 5 ਅਗਸਤ (ਪੰਜਾਬ ਮੇਲ)- ਸੂਬੇ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 114 ਤੱਕ ਪੁੱਜ ਗਈ ਹੈ, ਜਦਕਿ ਦਰਜਨ ਤੋਂ ਵੱਧ ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਕਰਵਾ ਰਹੇ ਹਨ। ਇਸੇ ਤਰ੍ਹਾਂ ਐਤਵਾਰ ਨੂੰ ਇਕ ਮੌਤ ਗੁਰਦਾਸਪੁਰ ਅਤੇ ਇਕ ਮੌਤ ਅੰਮ੍ਰਿਤਸਰ ਜ਼ਿਲ੍ਹੇ ‘ਚ ਹੋਈ। ਜ਼ਿਲ੍ਹਾ ਤਰਨ ਤਾਰਨ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ ਅਤੇ ਹੁਣ ਤੱਕ ਤਿੰਨ ਜ਼ਿਲ੍ਹਿਆਂ ‘ਚ ਕੁੱਲ 114 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਨਿਰਦੇਸ਼ਾਂ ‘ਤੇ ਪੁਲਿਸ ਤੇ ਪ੍ਰਸ਼ਾਸਨਿਕ ਵਿਭਾਗ ਦੀਆਂ ਟੀਮਾਂ ਪਿੰਡ-ਪਿੰਡ ਪਹੁੰਚ ਕੇ ਉਨ੍ਹਾਂ ਲੋਕਾਂ ਦੀ ਜਾਣਕਾਰੀ ਹਾਸਲ ਕਰ ਰਹੀਆਂ ਹਨ, ਜੋ ਪਿਛਲੇ ਵੀਰਵਾਰ ਤੋਂ ਬਾਅਦ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਵਲੋਂ ਵੀ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਗਤੀ ਤੇਜ਼ ਕਰ ਦਿੱਤੀ ਗਈ ਹੈ। ਹਰੇਕ ਥਾਣਾ ਮੁਖੀ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਹਰ ਵਿਅਕਤੀ ਨੂੰ ਕਾਬੂ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਦੀ ਸਵੇਰ ਤੋਂ ਹੀ ਮੁਰਦਾਘਰ ਦੇ ਬਾਹਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਪੋਸਟਮਾਰਟਮ ਕਰਵਾਉਣ ਲਈ ਕਤਾਰਾਂ ‘ਚ ਲੱਗੇ ਰਹੇ। ਦੇਰ ਸ਼ਾਮ ਤੱਕ 17 ਹੋਰ ਮ੍ਰਿਤਕ ਵਿਅਕਤੀਆਂ ਦੇ ਡਾਕਟਰਾਂ ਵਲੋਂ ਪੋਸਟਮਾਰਟਮ ਕਰਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਜ਼ਹਿਰੀਲੀ ਸ਼ਰਾਬ ਪੀਣ ਵਾਲੇ ਕੁੱਲ 30 ਵਿਅਕਤੀਆਂ ਦੇ ਪੋਸਟਮਾਰਟਮ ਹੋਏ, ਜਦਕਿ 45 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਬਿਨਾਂ ਪੋਸਟਮਾਰਟਮ ਤੋਂ ਹੀ ਮ੍ਰਿਤਕਾਂ ਦੇ ਸਸਕਾਰ ਕਰ ਦਿੱਤੇ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਰਨਤਾਰਨ ‘ਚ ਮ੍ਰਿਤਕਾਂ ਦੀ ਗਿਣਤੀ 84 ਹੋ ਗਈ ਤੇ ਜਿਹੜੇ ਵਿਅਕਤੀ ਇਸ ਦਾ ਸੇਵਨ ਕਰ ਰਹੇ ਹਨ, ਉਨ੍ਹਾਂ ਦੀ ਹਾਲਤ ਗੰਭੀਰ ਬਣ ਜਾਂਦੀ ਹੈ ਤੇ ਜਿਸ ਦਾ ਅੰਤ ਮੌਤ ਹੁੰਦਾ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਬਹੁਤ ਸਾਰੇ ਵਿਅਕਤੀ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਵੀ ਦਾਖ਼ਲ ਹਨ, ਜਿਨ੍ਹਾਂ ਦੇ ਸਰੀਰ ਉਪਰ ਇਸ ਜ਼ਹਿਰੀਲੀ ਸ਼ਰਾਬ ਦਾ ਬਹੁਤ ਹੀ ਮਾੜਾ ਅਸਰ ਹੋਇਆ ਹੈ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਨੁਸਾਰ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀਆਂ ਸਬੰਧੀ ਜੋ ਵੀ ਜਾਣਕਾਰੀ ਹਾਸਲ ਹੋਈ ਹੈ, ਉਸ ਦੀ ਜਾਂਚ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਪਿੰਡਾਂ ਅਤੇ ਸ਼ਹਿਰ ਦੇ ਇਲਾਕਿਆਂ ਵਿਚ ਜਾ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਜੇਕਰ ਕੋਈ ਹੋਰ ਵਿਅਕਤੀ ਦੀ ਮੌਤ ਹੋਈ ਹੈ ਤਾਂ ਉਸ ਸਬੰਧੀ ਵੀ ਜਾਣਕਾਰੀ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਲੱਖ ਰੁਪਏ ਦੀ ਐਲਾਨੀ ਗਈ ਗ੍ਰਾਂਟ ਜਲਦੀ ਹੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਵਿਅਕਤੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ, ਜਿਹੜੇ ਵਿਅਕਤੀ ਜ਼ਹਿਰੀਲੀ ਸ਼ਰਾਬ ਕਾਰਨ ਹਸਪਤਾਲਾਂ ਵਿਚ ਦਾਖ਼ਲ ਹਨ। ਉਨ੍ਹਾਂ ਦੱਸਿਆ ਕਿ 12 ਵਿਅਕਤੀਆਂ ਖ਼ਿਲਾਫ਼ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ‘ਤੇ ਕੇਸ ਦਰਜ ਕੀਤੇ ਗਏ ਹਨ ਤੇ ਇਨ੍ਹਾਂ ਪਾਸੋਂ 94500 ਮਿ.ਲੀ. ਨਾਜਾਇਜ਼ ਸ਼ਰਾਬ ਤੇ 550 ਕਿੱਲੋ ਲਾਹਣ ਵੀ ਬਰਾਮਦ ਕੀਤੀ ਜਾ ਚੁੱਕੀ ਹੈ।
ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ‘ਚ ਪੂਰੇ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਸ਼ਰਾਬ ਵੇਚਣ ਵਾਲਿਆਂ ਨੂੰ ਫੜਨਾ ਤਾਂ ਦੂਰ ਪੁਲਿਸ ਪਿੰਡ ਵਿਚ ਗੇੜਾ ਵੀ ਨਹੀਂ ਮਾਰਦੀ। ਹੇਠਲੇ ਪੱਧਰ ‘ਤੇ ਪੁਲਿਸ ਕਰਮਚਾਰੀਆਂ ਦੀ ਮਿਲੀ ਭੁਗਤ ਅਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਨਾਲ ਇਹ ਧੰਦਾ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਇਥੋਂ ਤੱਕ ਕਿ ਹਲਕੇ ਦੇ ਇਕ ਵਿਧਾਇਕ ਦੇ ਪੀ.ਏ. ਦਾ ਨਾਂਅ ਵੀ ਪੀੜਤ ਪਰਿਵਾਰਾਂ ਵਲੋਂ ਖੁੱਲ੍ਹ ਕੇ ਲਿਆ ਜਾ ਰਿਹਾ ਹੈ ਅਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ
ਰਹੀ ਹੈ। ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਪੁੱਤਰ ਡਾ. ਸੰਦੀਪ ਅਗਨੀਹੋਤਰੀ ਵਲੋਂ ਨਸ਼ੀਲੀ ਸ਼ਰਾਬ ਪੀਣ ਨਾਲ ਮਰੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਵਿਅਕਤੀਆਂ ਨਾਲ ਮਿਲ ਕੇ ਜਿਥੇ ਦੁੱਖ ਸਾਂਝਾ ਕੀਤਾ ਗਿਆ, ਉਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿਵਾਉਣ ਦਾ ਵਿਸ਼ਵਾਸ ਦਿਵਾਇਆ।
‘ਮਿਥਾਈਲ ਅਲਕੋਹਲ’ ‘ਚ ਪਾਣੀ ਪਾ ਕੇ ਤਿਆਰ ਹੁੰਦੀ ਹੈ ਨਕਲੀ ਸ਼ਰਾਬ
ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਹੁਣ ਭੱਠੀਆਂ ਲਗਾ ਕੇ ਨਾਜਾਇਜ਼ ਸ਼ਰਾਬ ਤਿਆਰ ਕਰਨ ਦੀ ਬਜਾਇ ‘ਮਿਥਾਈਲ ਅਲਕੋਹਲ’ ਵਿਚ ਪਾਣੀ ਪਾ ਕੇ ਸ਼ਰਾਬ ਤਿਆਰ ਕਰਨ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਹਰ ਪਿੰਡ ਵਿਚ ਇਸ ਨਕਲੀ ਸ਼ਰਾਬ ਦਾ ਕਾਰੋਬਾਰ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਜੋ ਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਦੇ ਸਿਰ ‘ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦਾ ਹੱਥ ਨਾ ਹੋਵੇ। ਨਕਲੀ ਸ਼ਰਾਬ ਤਿਆਰ ਕਰਨ ਲਈ 20 ਲੀਟਰ ਪਾਣੀ ਵਿਚ ਸਿਰਫ਼ ਇਕ ਲੀਟਰ ‘ਮਿਥਾਈਲ ਅਲਕੋਹਲ’ ਮਿਲਾ ਕੇ ਸ਼ਰਾਬ ਤਿਆਰ ਕਰ ਕੇ ਉਸ ਨੂੰ ਪਲਾਸਟਿਕ ਦੀਆਂ ਛੋਟੀਆਂ ਥੈਲੀਆਂ ਵਿਚ ਭਰ ਕੇ 20 ਰੁਪਏ ਤੋਂ ਲੈ ਕੇ 30 ਰੁਪਏ ‘ਚ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਮੱਝਾਂ ਨੂੰ ਲਗਾਉਣ ਵਾਲੇ ਟੀਕੇ ‘ਆਕਸੀਟੌਕਸਿਨ’ ਵੀ ਇਸ ਸ਼ਰਾਬ ‘ਚ ਮਿਲਾ ਕੇ ਦਿੱਤੇ ਜਾਂਦੇ ਹਨ, ਤਾਂ ਜੋ ਪੀਣ ਵਾਲਿਆਂ ਨੂੰ ਜ਼ਿਆਦਾ ਨਸ਼ਾ ਹੋ ਸਕੇ।


Share