ਪੰਜਾਬ ਦੇ ਗੁਰਦੁਆਰਿਆਂ ਦੀ ਰਾਖੀ ਲਈ ਹਲੂਣਾ

889
Share

ਪਿਛਲੇ ਇੱਕ ਦਹਾਕੇ ਤੋਂ, ਇਹ ਅਕਸਰ ਹੀ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਪੰਜਾਬ ਵਿਚਲੇ ਗੁਰਦੁਆਰਿਆਂ ਵਿੱਚ ਅੱਗਾਂ ਲੱਗਦੀਆਂ ਰਹੀਆਂ ਹਨ ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ। ਰਿਪੋਰਟਾਂ ਅਨੁਸਾਰ ਲਾਈਟਾਂ ਜਾਂ ਪੱਖੇ ਚਲਣ ਕਰਕੇ ਸ਼ਾਰਟ ਸਰਕਿਟ ਕਾਰਨ ਅੱਗਾਂ ਲਗੀਆਂ ਹਨ ।
ਵਰਲਡ ਸਿੱਖ ਪਾਰਲੀਮੈਂਟ ਧਾਰਮਿਕ ਕੌਂਸਲ ਅਜਿਹੀਆਂ ਵਧਦੀਆਂ ਘਟਨਾਵਾਂ ਤੇ ਡੂੰਘੀ ਚਿੰਤਤ ਹੈ। ਅਜਿਹੀਆਂ ਘਟਨਾਵਾਂ ਸ਼ੰਕਾਯੋਗ ਹਨ। ਦੂਸਰੇ ਧਰਮਾਂ ਦੇ ਧਰਮ ਸਥਾਨਾਂ ਤੇ ਵੀ ਲਾਈਟਾਂ ਜਾਂ ਪੱਖੇ ਲਗਦੇ ਹਨ ਪਰ ਨਤੀਜੇ ਵਜੋਂ ਅੱਗ ਨਹੀਂ ਲੱਗਦੀ। ਹੁਣ ਜਾਂ ਤਾਂ ਅਜਿਹੇ ਗੁਰਦੁਆਰਿਆਂ ਵਿਚ ਇਲੈਕਟ੍ਰਿਕ ਕੰਮ ਹੋਰ ਧਰਮ ਸਥਾਨਾਂ ਦੇ ਮੁਕਾਬਲੇ ਘੱਟੀਆਂ ਪੱਧਰ ਤੇ ਕੀਤਾ ਗਿਆ ਹੈ ਜਾਂ ਗੁਰਦੁਆਰੇ ਦੀ ਸੇਵਾ ਸੰਭਾਲ ਵਿਚ ਲਾਪਰਵਾਹੀ ਹੈ ਜਾਂ ਇਹ ਅੱਗਾਂ ਜਾਣ ਬੁੱਝ ਕੇ ਲਾਈਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦੀ ਪੂਰੀ ਜਾਂਚ ਕੀਤੇ ਬਗੈਰ ਕਿਸੇ ਸਿੱਟੇ ਤੇ ਪਹੁੰਚਣਾ ਮੁਸ਼ਕਲ ਹੈ। ਪਰ ਇੱਕ ਗੱਲ ਜਿਸ ਨਾਲ ਸਾਰੇ ਸਿੱਖ ਸਹਿਮਤ ਹੋ ਸਕਦੇ ਹਨ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣਾ ਲਾਜ਼ਮੀ ਹੈ।
ਪਿਛਲੇ ਦੋ ਮਹੀਨਿਆਂ ਵਿੱਚ ਇਸ ਤਰ੍ਹਾਂ ਦੀਆਂ ਬੇਅਦਬੀ ਦੀਆਂ ੪ ਘਟਨਾਵਾਂ ਸਾਹਮਣੇ ਆਈਆਂ ਹਨ। ੨੫ ਮਈ ਨੂੰ ਰਾਜਸਥਾਨ ਦੇ ਇਕ ਗੁਰਦੁਆਰੇ ਵਿੱਚ ਚਾਰ ਸਰੂਪ ਅਗਨ ਭੇਟ ਹੋਏ। ੨੮ ਮਈ ਨੂੰ ਅੰਮ੍ਰਿਤਸਰ ਦੇ ਪਿੰਡ ਜੱਸੜ ਵਿੱਚ ਇੱਕ ਸਰੂਪ ਅਗਨ ਭੇਟ ਹੋਇਆ। ੧੦ ਜੂਨ ਨੂੰ ਇੱਕ ਨੰਗੇ ਆਦਮੀ ਨੇ ਹੁਸ਼ਿਆਰਪੁਰ ਦੇ ਪਿੰਡ ਗੋਰਸੀਆਂ ਵਿਖੇ ਪਾਲਕੀ ਸਾਹਿਬ ਤੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ੧੭ ਜੂਨ ਨੂੰ ਬਾਬਾ ਬਕਾਲਾ ਜ਼ਿਲ੍ਹੇ ਦੇ ਪਿੰਡ ਵਡਾਲਾ ਵਿਖੇ ਇਕ ਸਰੂਪ ਅਗਨ ਭੇਟ ਹੋਇਆ।
ਵਰਲਡ ਸਿੱਖ ਪਾਰਲੀਮੈਂਟ ਦੀ ਧਾਰਮਿਕ ਕੌਂਸਲ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਬਹੁਤ ਦੁਖ ਪ੍ਰਗਟ ਕਰਦੀ ਹੈ। ਇਸ ਚੱਲ ਰਹੇ ਮੁੱਦੇ ਨੂੰ ਹੱਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਕਰਕੇ ਪੰਥ ਵਿੱਚ ਭਾਰੀ ਰੋਸ ਹੈ। ਸ਼੍ਰੋਮਣੀ ਕਮੇਟੀ ਦੀ ਅਸਫਲਤਾ ਨੂੰ ਮੁੱਖ ਰਖਦਿਆਂ ਵਰਲਡ ਸਿੱਖ ਪਾਰਲੀਮੈਂਟ ਨੇ ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਸਿੱਖ ਨੂੰ ਆਪ ਕਦਮ ਚੁੱਕਣ ਅਤੇ ਜ਼ਿੰਮੇਵਾਰੀ ਲੈਣ ਲਈ ਅਪੀਲ ਕਰਦੀ ਹੈ। ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਸਦੇ ਸਿੱਖਾਂ ਨੂੰ ਇਕੱਠੇ ਹੋ ਕੇ ਆਪਣੇ ਇਲਾਕੇ ਦੇ ਗੁਰਧਾਮਾਂ ਦੀਆਂ ਇਮਾਰਤਾਂ ਦਾ ਮੁਆਇਨਾ ਕਰਨਾ ਚਾਹੀਦਾ ਹੈ। ਹੇਰਕ ਮਹੀਨੇ ਬਿਜਲੀ ਦੇ ਸਰਕਿਟ ਜਾਂ ਹੋਰ ਕਿਸੇ ਘਾਟ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੇ ਕਿਸੇ ਵੀ ਵਿਅਕਤੀ, ਸਮੂਹ ਜਾਂ ਕਮੇਟੀ ਦੀ ਲਾਪਰਵਾਹੀ ਜਾਂ ਸਾਜਿਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਤਾਂ ਉੱਥੇ ਇਲਾਕੇ ਦੀ ਸਿੱਖ ਸੰਗਤ ਉਨ੍ਹਾਂ ਦੇ ਵਿਰੁੱਧ ਖ਼ਾਲਸਾਈ ਰੀਤ ਅਨੁਸਾਰ ਕਾਰਵਾਈ ਕਰੇ।


Share