ਪੰਜਾਬ ਦੇ ਕਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ 8 ਜ਼ਿਲ੍ਹਿਆਂ ’ਚ ਆਈ.ਸੀ.ਯੂ. ਬੈੱਡਾਂ ਦੀ ਘਾਟ

144
Share

ਕੇਂਦਰ ਵਲੋਂ ਪੰਜਾਬ ਦੇ ਸਿਹਤ ਸਕੱਤਰ ਨੂੰ ਪੱਤਰ
ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਅੱਠ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਆਈ.ਸੀ.ਯੂ. ਬੈੱਡਾਂ ਦੀ ਘਾਟ ਪੈਦਾ ਹੋ ਗਈ ਹੈ। ਇਹ ਖੁਲਾਸਾ ਪੰਜਾਬ ਦਾ ਦੌਰਾ ਕਰ ਕੇ ਪਰਤੀ ਕੇਂਦਰੀ ਟੀਮ ਵਲੋਂ ਕੇਂਦਰੀ ਸਿਹਤ ਮੰਤਰਾਲੇ ਨੂੰ ਸੌਂਪੀ ਰਿਪੋਰਟ ਤੋਂ ਹੋਇਆ ਹੈ। ਰਿਪੋਰਟ ’ਚ ਸਾਹਮਣੇ ਆਇਆ ਕਿ ਹੁਸ਼ਿਆਰਪੁਰ ਵਿਚ ਆਈ.ਸੀ.ਯੂ. ਬੈਡ ਲੈਣ ਵਾਲਿਆਂ ਦੀ ਦਰ 20 ਫੀਸਦੀ, ਅੰਮਿ੍ਰਤਸਰ ਵਿਚ 40, ਲੁਧਿਆਣਾ ਵਿਚ 89, ਐੱਸ.ਏ.ਐੱਸ. ਨਗਰ ’ਚ 80, ਸ਼ਹੀਦ ਭਗਤ ਸਿੰਘ ਨਗਰ ’ਚ 70.6, ਜਲੰਧਰ ’ਚ 63.2 ਤੇ ਪਟਿਆਲਾ ’ਚ 44.4 ਫੀਸਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਖੇਤਰਾਂ ’ਚ ਆਕਸੀਜ਼ਨ ਵਾਲੇ ਆਈਸੋਲੇਸ਼ਨ ਬੈਡ ਵੀ ਨਹੀਂ ਮਿਲ ਰਹੇ। ਇਨ੍ਹਾਂ ਜ਼ਿਲ੍ਹਿਆਂ ਵਿਚ ਕਰੋਨਾ ਪ੍ਰਭਾਵਿਤ 75 ਫੀਸਦੀ ਘਰ ਵਿਚ ਹੀ ਇਕਾਂਤਵਾਸ ਕੀਤੇ ਗਏ ਹਨ, ਜਿਨ੍ਹਾਂ ਦਾ ਸਿਹਤ ਵਿਭਾਗ ਵਲੋਂ ਨਿਰੀਖਣ ਕੀਤਾ ਜਾ ਰਿਹਾ ਹੈ। ਘਰ ’ਚ ਇਕਾਂਤਵਾਸ ਕੀਤਿਆਂ ਦੀ ਦਰ ਹੁਸ਼ਿਆਰਪੁਰ ’ਚ 77.82 ਫੀਸਦੀ, ਅੰਮਿ੍ਰਤਸਰ ’ਚ 78.6, ਲੁਧਿਆਣਾ ’ਚ 100, ਐੱਸ.ਏ.ਐੱਸ. ਨਗਰ ’ਚ 95, ਸ਼ਹੀਦ ਭਗਤ ਸਿੰਘ ਨਗਰ ’ਚ 88.5, ਜਲੰਧਰ ’ਚ 82.3 ਤੇ ਪਟਿਆਲਾ ਵਿਚ 78 ਫੀਸਦੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਇਸ ਖੱਪੇ ਬਾਰੇ ਪੰਜਾਬ ਦੇ ਪਿ੍ਰੰਸੀਪਲ ਸਿਹਤ ਸਕੱਤਰ ਹੁਸਨ ਲਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਲੁਧਿਆਣਾ ਤੇ ਪਟਿਆਲਾ ਵਿਚ ਕਰੋਨਾ ਦੀ ਮਾਰ ਹੇਠ ਆਏ ਲੋਕਾਂ ਦੀ ਪਛਾਣ ਦਰ ਵਧਾਈ ਜਾਵੇ।

Share