ਪੰਜਾਬ ਦੀ ਵਿਕਾਸ ਦਰ ਭਾਰਤ ਦੀ ਔਸਤ ਵਿਕਾਸ ਦਰ ਤੋਂ ਲਗਾਤਾਰ ਘੱਟ ਰਹੀ ਹੈ : ਰਣਜੀਤ ਸਿੰਘ ਘੁੰਮਣ

577
Share

-ਪੰਜਾਬ ਦੀ ਸਿਆਸਤ ‘ਚ ਵਿਕਾਸ ਕੋਈ ਮੁੱਦਾ ਨਹੀਂ ਰਿਹਾ
-ਖੇਤੀ ਸੰਕਟ ਵੈਬੀਨਾਰ ਵਿਚ ਖੇਤੀ ਮਾਹਰਾਂ ਨੇ ਪ੍ਰਗਟ ਕੀਤੀ ਚਿੰਤਾ
ਲੰਡਨ, 26 ਅਗਸਤ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ) : ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜ਼ਿ) ਵੱਲੋਂ ”ਕਰੋਨਾ ਕਾਲ : ਕਿਸਾਨ ਅਤੇ ਖੇਤੀ ਸੰਕਟ” ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਉੱਘੇ ਕਾਲਮਨਵੀਸ ਆਨਲਾਈਨ ਜੁੜੇ। ਵੈਬੀਨਾਰ ਦਾ ਸੰਚਾਲਨ ਮੰਚ ਦੇ ਮੁਖੀ ਸ਼੍ਰੀ ਗੁਰਮੀਤ ਸਿੰਘ ਪਲਾਹੀ ਨੇ ਕੀਤਾ। ਵੈਬੀਨਾਰ ਦੇ ਮੁੱਖ ਮਹਿਮਾਨ ਪ੍ਰਸਿੱਧ ਅਰਥਸ਼ਾਸਤਰੀ ਅਤੇ ਲੇਖਕ ਪ੍ਰੋ. ਰਣਜੀਤ ਸਿੰਘ ਘੁੰਮਣ ਸਨ। ਪ੍ਰੋ. ਘੁੰਮਣ ਨੇ ਕਿਸਾਨੀ ਸੰਕਟ ਬਾਰੇ ਬੋਲਦਿਆਂ ਬਹੁਤ ਹੀ ਵਿਸਥਾਰ ਨਾਲ ਕੀਤੀ। ਗੱਲਬਾਤ ਵਿਚ ਕਿਸਾਨੀ ਸੰਕਟ ਨਾਲ ਜੁੜੀਆਂ ਬਹੁਤ ਸਾਰੀਆਂ ਧਾਰਨਾਵਾਂ ਬਾਰੇ ਚਾਨਣਾ ਪਾਇਆ। ਜਿਵੇਂ ਕਿ ਕੀ ਕਿਸਾਨੀ ਸੰਕਟ ਹਰੀ ਕ੍ਰਾਂਤੀ ਦੀ ਦੇਣ ਹੈ ਜਾਂ ਸਮੁੱਚੀ ਆਰਥਿਕ ਪ੍ਰਣਾਲੀ ਦੀ ਦੇਣ ਹੈ? ਕੀ ਕਿਸਾਨੀ ਸੰਕਟ ਸਹਾਇਕ ਧੰਦਿਆਂ ਨਾਲ ਖ਼ਤਮ ਹੋ ਸਕਦਾ ਹੈ? ਕੀ ਮੁਫ਼ਤ ਬਿਜਲੀ ਜਾਂ ਤਕਨੀਕ ਨਾਲ ਹੱਲ ਹੋ ਜਾਏਗਾ? ਕੀ ਇਹ ਸੰਕਟ ਜੈਵਿਕ ਖੇਤੀ ਨਾਲ ਹੱਲ ਹੋ ਜਾਏਗਾ? ਹਰੀ ਕ੍ਰਾਂਤੀ ਤਾਂ ਖ਼ੁਦ ਹੀ ਅੱਜ ਸੰਕਟ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਬਾਰੇ ਕੋਈ ਵੀ ਪਾਰਟੀ ਸੰਜੀਦਾ ਨਹੀਂ ਹੈ। ਮੌਂਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਵੀ ਉਸੇ ਤਰ੍ਹਾਂ ਪੁਰਾਣੀ ਐਨਕ ਨਾਲ ਹੀ ਸਮੱਸਿਆ ਨੂੰ ਵੇਖਣ ਦਾ ਹੀ ਇੱਕ ਯਤਨ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਅੰਸ਼ਿਕ ਹੱਲ ਦੱਸ ਰਿਹਾ ਹੈ ਅਤੇ ਆਪੋ ਆਪਣੇ ਮੁਫਾਦਾਂ ਨੂੰ ਪੂਰਾ ਕਰਨ ਲਈ ਹੀ ਸ਼ੋਰ-ਸ਼ਰਾਬਾ ਕੀਤਾ ਜਾ ਰਿਹਾ ਹੈ।
ਵਿਧਾਨ ਸਭਾ ਦੇ ਸੈਸ਼ਨ ਬਹੁਤ ਛੋਟੇ ਹੋ ਗਏ ਹਨ ਅਤੇ ਉੱਥੇ ਕਿਸਾਨੀ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਪੰਜਾਬ ਦੀ ਵਿਕਾਸ ਦਰ ਭਾਰਤ ਦੀ ਔਸਤ ਵਿਕਾਸ ਦਰ ਤੋਂ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਕਿਸਾਨੀ ਸੰਕਟ ਦੇ ਹੱਲ ਲਈ ਇੱਕ ਕਮੇਟੀ ਬਣਨੀ ਚਾਹੀਦੀ ਹੈ। ਇਸ ਕਮੇਟੀ ਵਿਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਸਮਾਜਿਕ-ਆਰਥਿਕ ਬੁੱਧੀਜੀਵੀ ਅਤੇ ਮਾਹਰ ਲਾਜ਼ਮੀ ਤੌਰ ‘ਤੇ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਵਿਕਾਸ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਭਾਰਤ ਵਿਚ ਜੇਕਰ ਕਿਸਾਨ ਨਾ ਰਿਹਾ ਤਾਂ ਕੁਝ ਵੀ ਨਹੀਂ ਰਹੇਗਾ, ਇਸ ਲਈ ਸਰਕਾਰਾਂ ਅੱਗ ਨਾਲ ਨਾ ਖੇਡਣ।
ਡਾ. ਹਰਜਿੰਦਰ ਵਾਲੀਆ ਨੇ ਛੋਟੀ ਕਿਸਾਨੀ ਬਾਰੇ ਗੱਲ ਕੀਤੀ ਅਤੇ ਬੇਲੋੜੇ ਖ਼ਰਚੇ ਘਟਾਉਣ ਦੀ ਗੱਲ ਕੀਤੀ।  ਆਰਥਿਕ ਮਾਹਿਰ ਅਤੇ ਪ੍ਰਸਿੱਧ ਕਾਲਮਨਵੀਸ ਡਾ. ਗਿਆਨ ਸਿੰਘ ਦਾ ਵਿਚਾਰ ਸੀ ਕਿ ਕਿਸਾਨੀ ਤੋਂ ਵੱਡਾ ਸੰਕਟ ਖੇਤ ਮਜ਼ਦੂਰਾਂ ਦਾ ਸੰਕਟ ਹੈ। ਉਨ੍ਹਾਂ ਕਿਹਾ ਕਿ ਸਮਾਜਿਕ, ਆਰਥਿਕ ਅਤੇ ਬੌਧਿਕ ਪ੍ਰਦੂਸ਼ਣ ਵੱਧ ਰਿਹਾ ਹੈ। ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਵਰਿੰਦਰ ਸ਼ਰਮਾ ਨੇ ਸਵਾਲ ਉਠਾਇਆ ਕਿ ਕੀ ਸਿਆਸੀ ਅਤੇ ਬੁੱਧੀਜੀਵੀ ਸੱਚਮੁੱਚ ਕਿਸਾਨੀ ਸੰਕਟ ਦਾ ਹੱਲ ਲੱਭਣ ਲਈ ਸੁਹਿਰਦ ਹਨ? ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੂਰਪੁਰ ਦਾ ਵਿਚਾਰ ਸੀ ਕਿ ਖੇਤੀ ਨੂੰ ਬਾਜ਼ਾਰ ਆਪਣੀਆਂ ਤਰਜੀਹਾਂ ਦੇ ਹਿਸਾਬ ਨਾਲ ਚਲਾ ਰਿਹਾ ਹੈ। ਸਾਡੀ ਵਿਵਸਥਾ ਬਾਜ਼ਾਰ ਪੱਖੀ ਹੈ, ਜੋ ਕਿ ਕਿਸਾਨਾਂ ਦੇ ਪ੍ਰਤੀ ਸੁਹਿਰਦ ਹੈ ਹੀ ਨਹੀਂ। ਜਰਮਨੀ ਤੋਂ ਮੰਚ ਨਾਲ ਜੁੜੇ ਲੇਖਕ ਕੇਹਰ ਸ਼ਰੀਫ਼ ਦਾ ਕਹਿਣਾ ਸੀ ਕਿ ਧਨਾਢ ਕਿਸਾਨਾਂ ਅਤੇ ਗ਼ਰੀਬ ਕਿਸਾਨਾਂ ਵਿਚਲਾ ਫਰਕ ਸਮਝਣਾ ਪਏਗਾ। ਐਡਵੋਕੇਟ ਐੱਸ.ਐੱਲ. ਵਿਰਦੀ ਨੇ ਵੀ ਛੋਟੀ ਕਿਸਾਨੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਇਹ ਮੁੱਦਾ ਸਮਾਜਵਾਦ ਨਾਲ ਜੋੜ ਕੇ ਗੱਲ ਕੀਤੀ ਕਿ ਇਸਦਾ ਹੱਲ ਸਮਾਜਵਾਦੀ ਢਾਂਚੇ ਵਿਚ ਰਹਿ ਕੇ ਹੀ ਹੋ ਸਕਦਾ ਹੈ। ਜੀ.ਐੱਸ. ਗੁਰਦਿੱਤ ਨੇ ਸਵਾਲ ਉਠਾਇਆ ਕਿ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਦੇ ਕਿਸਾਨ ਹੀ ਕਿਉਂ ਖੁਦਕੁਸ਼ੀ ਕਰਦੇ ਹਨ।
ਰਵਿੰਦਰ ਚੋਟ ਨੇ ਜਾਨਣਾ ਚਾਹਿਆ ਕਿ ਪਾਕਿਸਤਾਨ ਅਤੇ ਹੋਰ ਮੁਲਕਾਂ ਦੇ ਕਿਸਾਨਾਂ ‘ਚ ਖੁਦਕੁਸ਼ੀ ਦਾ ਰੁਝਾਨ ਕਿਉਂ ਨਹੀਂ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਡਾ. ਰਣਜੀਤ ਸਿੰਘ ਘੁੰਮਣ ਨੇ ਵਿਸਥਾਰਪੂਰਵਕ ਜਵਾਬ ਦਿੱਤੇ। ਇਸ ਵੈਬੀਨਾਰ ਵਿਚ ਡਾ. ਐੱਸ.ਪੀ. ਸਿੰਘ, ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਡਾ. ਗਿਆਨ ਸਿੰਘ, ਵਰਿੰਦਰ ਸ਼ਰਮਾ ਐੱਮ.ਪੀ., ਗੁਰਚਰਨ ਨੂਰਪੁਰ, ਬੰਸੋ ਦੇਵੀ, ਡਾ. ਚਰਨਜੀਤ ਸਿੰਘ ਗੁਮਟਾਲਾ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਡਾ. ਬਲਬੀਰ ਸਿੰਘ, ਡਾ. ਐੱਮ.ਐੱਸ. ਤੂਰ, ਡਾ. ਗੁਰਪ੍ਰੀਤ ਸਿੰਘ, ਡਾ. ਹਰਜਿੰਦਰ ਵਾਲੀਆ, ਜਨਕ ਪਲਾਹੀ, ਜਸਵੀਰ ਸਿੰਘ ਬੰਦੇਸ਼ਾ,  ਕੇਹਰ ਸ਼ਰੀਫ, ਕਿਰਨ, ਕੁਲਦੀਪ ਚੰਦ, ਮਲਕੀਤ ਸਿੰਘ ਅੱਪਰਾ, ਨਿਰਵੈਰ ਸਿੰਘ, ਪਰਗਟ ਸਿੰਘ ਰੰਧਾਵਾ, ਰਣਜੀਤ ਧੀਰ, ਐੱਸ.ਐੱਲ. ਵਿਰਦੀ, ਜਗਦੀਸ਼ ਸਿੰਘ ਕਾਹਲੋ, ਸੁਰਿੰਦਰ ਮਚਾਕੀ, ਬਲਵਿੰਦਰ ਸਿੰਘ ਜੰਮੂ, ਜੀ.ਐੱਸ. ਗੁਰਦਿੱਤ, ਰਵਿੰਦਰ ਚੋਟ, ਗੌਰਵ ਵਰਮਾ ਨੇ ਹਿੱਸਾ ਲਿਆ।


Share